*ਮਾਨਸਾ ‘ਚ ਪ੍ਰਾਇਮਰੀ ਖੇਡਾਂ ਲਈ ਅਧਿਆਪਕਾਂ ਤੋਂ ਜਬਰੀ ਫੰਡ ਲੈਣ ਦਾ ਮਸਲਾ ਭਖਿਆ*

0
65

ਮਾਨਸਾ 18 ਸਤੰਬਰ: (ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਜ਼ਿਲ੍ਹੇ ‘ਚ ਪ੍ਰਾਇਮਰੀ ਖੇਡਾਂ ਕਰਵਾਉਣ ਲਈ ਅਧਿਆਪਕਾਂ ਤੋਂ ਵੱਡੇ ਪੱਧਰ ‘ਤੇ ਫੰਡ ਉਗਰਾਉਣ ਦਾ ਮਸਲਾ ਭਖਣ ਲੱਗਿਆ ਹੈ। ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਗੌਰਮਿੰਟ ਟੀਚਰ ਯੂਨੀਅਨ, ਡੈਮੋਕ੍ਰੇਟਿਕ ਟੀਚਰ ਫਰੰਟ,ਬੀ ਐੱਡ ਫ਼ਰੰਟ ,ਈ.ਟੀ.ਟੀ.ਟੀਚਰ ਯੂਨੀਅਨ ਅਤੇ  ਹੋਰਨਾਂ ਜਥੇਬੰਦੀਆਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵੱਲ੍ਹੋਂ ਤਰੁੰਤ ਇਸ ਕਾਰਵਾਈ ਨੂੰ ਨਾ ਰੋਕਿਆ ਗਿਆ ਤਾਂ ਉਹ ਸਿੱਖਿਆ ਅਧਿਕਾਰੀਆਂ ਨੂੰ ਘੇਰਣ ਲਈ ਮਜਬੂਰ ਹੋਣਗੇ।
ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨਰਿੰਦਰ ਮਾਖਾ, ਕਰਮਜੀਤ ਤਾਮਕੋਟ, ਅਮੋਲਕ ਡੇਲੂਆਣਾ, ਦਰਸ਼ਨ ਅਲੀਸ਼ੇਰ, ਹਰਦੀਪ ਸਿੱਧੂ ਨੇ ਇਕ ਸਾਂਝੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਪ੍ਰਾਇਮਰੀ ਖੇਡਾਂ ਲਈ ਕਲੱਸਟਰ,ਬਲਾਕ, ਜ਼ਿਲ੍ਹਾ ਖੇਡਾਂ ਲਈ ਅਧਿਆਪਕਾਂ ਤੋਂ ਹਰ ਸਾਲ ਲੱਖਾਂ ਰੁਪਏ ਇਕੱਠਾ ਕੀਤਾ ਜਾਂਦਾ ਹੈ,ਪਰ ਪੰਜਾਬ ਸਰਕਾਰ ਵੱਲ੍ਹੋਂ ਇਨ੍ਹਾਂ ਖੇਡਾਂ ਲਈ ਵੱਖ ਵੱਖ ਪੜਾਵਾਂ ‘ਤੇ ਨਾ ਮਾਤਰ ਹੀ ਫੰਡ ਦਿੱਤਾ ਜਾਂਦਾ ਹੈ,ਜਿਸ ਕਾਰਨ ਜ਼ਬਾਨੀ ਕਲਾਮੀ ਜ਼ਿਲ੍ਹਾ ਸਿੱਖਿਆ ਅਧਿਕਾਰੀ, ਬਲਾਕ ਸਿੱਖਿਆ ਅਧਿਕਾਰੀ ਅਧਿਆਪਕਾਂ ਤੋਂ ਸਕੂਲ ਵਾਇਜ਼ 1500 ਤੋਂ 2000 ਤੱਕ ਫੰਡ ਵਸੂਲਿਆ ਜਾਂਦਾ ਹੈ, ਦੂਜੇ ਪਾਸੇ ਅਧਿਆਪਕਾਂ ਵੱਲੋਂ ਪਹਿਲਾਂ ਕਲੱਸਟਰ ਪੱਧਰ,ਫਿਰ ਬਲਾਕ ਪੱਧਰ,ਫਿਰ ਜ਼ਿਲ੍ਹਾ ਪੱਧਰ ਤੱਕ ਆਪਣੇ ਬੱਚਿਆਂ ਦੀ ਢੋਅ ਢੁਆਈ ਲਈ ਜਿਹੜਾ ਖਰਚਾ ਕੀਤਾ ਜਾਂਦਾ ਹੈ,ਉਹ ਵੱਖਰਾ ਹੈ,ਜਿਸ ਕਾਰਨ ਅਧਿਆਪਕ ਪਹਿਲਾਂ ਸਕੂਲ ਪੱਧਰ ‘ਤੇ ਤਿਆਰੀ ਲਈ ਖ਼ਰਚ ਕਰਦੇ ਹਨ,ਫਿਰ ਤਿੰਨ ਪੜਾਵਾਂ ‘ਤੇ ਖੇਡ ਮੁਕਾਬਲਿਆਂ ਲਈ ਜੇਬਾਂ ਖਾਲੀ ਕਰਦੇ ਹਨ। ਇਸ ਤੋਂ ਇਲਾਵਾ ਸਟੇਟ ਪੱਧਰ ‘ਤੇ ਵੀ ਜਾਣ ਆਉਣ ਲਈ ਪਹਿਲਾਂ ਫੰਡ ਮੁਹਈਆ ਨਹੀਂ ਕਰਵਾਇਆ ਜਾਂਦਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਪਿਛਲੇ ਵਰ੍ਹੇ ਸਟੇਟ ਖੇਡਾਂ ਲਈ ਕੋਈ ਖੇਡ ਕਿੱਟਾਂ ਵੀ ਨਹੀਂ ਦਿੱਤੀਆਂ ਗਈਆਂ, ਸਗੋਂ ਇਕ ਸਿੱਖਿਆ ਨਾਲ ਸਬੰਧਤ ਮੰਚ ਨੇ 250 ਖਿਡਾਰੀਆਂ ਨੂੰ ਟਰੈਕ ਸੂਟ,ਬੂਟ ਦੇ ਕੇ  ਸਟੇਟ ਖੇਡਾਂ ਨੂੰ ਤੋਰਿਆ।
                  ਅਧਿਆਪਕ ਆਗੂਆਂ ਗੁਰਦਾਸ ਰਾਏਪੁਰ, ਹਰਜਿੰਦਰ ਅਨੂਪਗੜ੍ਹ,ਤੋਗਾ ਸਿੰਘ, ਬਲਵਿੰਦਰ ਉਲਕ, ਰਾਜਵਿੰਦਰ ਬਹਿਣੀਵਾਲ,ਹੰਸਾ ਸਿੰਘ ਡੇਲੂਆਣਾ, ਮੇਲਾ ਸਿੰਘ , ਜਗਤਾਰ ਝੱਬਰ, ਅਮਨਦੀਪ ਸ਼ਰਮਾ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਇਕ ਪਾਸੇ ਪੰਜਾਬ ਸਰਕਾਰ ਖੇਡਾਂ ਦੀ ਪ੍ਰਫੁੱਲਤਾ ਲਈ ਵੱਡੇ ਦਾਅਵੇ ਵਾਅਦੇ ਕਰਦੀ ਹੈ,ਪਰ ਦੂਜੇ ਬੰਨੇ ਖੇਡਾਂ ਦੀ ਨੀਹ ਵਜੋਂ ਜਾਣੀਆਂ ਜਾਂਦੀਆਂ ਪ੍ਰਾਇਮਰੀ ਖੇਡਾਂ ਲਈ ਕੋਈ ਵੀ ਨੀਤੀ ਨਹੀਂ ਬਣਾਈ ਗਈ, ਸਗੋਂ ਨਾ ਮਾਤਰ ਫੰਡ ਦੇ ਕੇ ਅਧਿਆਪਕਾਂ ਨੂੰ ਖੇਡਾਂ ਦੇ ਹਰ ਪੜਾਅ ‘ਤੇ ਖੇਡ ਫੰਡ ਇਕੱਠੇ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੀ ਤਿਆਰੀ ਸਬੰਧੀ ਖੇਡਾਂ ਦਾ ਸਾਜੋ ਸਮਾਨ ਅਤੇ ਖੁਰਾਕ ਲਈ ਵੀ ਕੋਈ ਫੰਡ ਨਹੀਂ ਦਿੱਤਾ ਜਾ ਰਿਹਾ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਖੇਡਾਂ ਲਈ ਲੋੜੀਂਦੇ ਖੇਡ ਫੰਡ ਮੁਹਈਆ ਕਰਵਾਏ ਜਾਣ। ਉਨ੍ਹਾਂ ਨਾਲ ਹੀ ਸਿੱਖਿਆ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਅਧਿਆਪਕ ਨੂੰ ਫੰਡ ਇਕੱਠਾ ਕਰਨ ਲਈ ਮਜਬੂਰ ਕੀਤਾ,ਉਹ ਖੇਡਾਂ ਦਾ ਬਾਈਕਾਟ ਕਰਦਿਆਂ ਸਿੱਖਿਆ ਅਧਿਕਾਰੀਆਂ ਦੇ ਘਿਰਾਓ ਕਰਨ ਲਈ ਮਜਬੂਰ ਹੋਣਗੇ।

NO COMMENTS