*ਮਾਨਸਾ ’ਚ ਜੰਗਲ ਅਧੀਨ ਰਕਬਾ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਕਾਰਜਸ਼ੀਲ*

0
14

ਮਾਨਸਾ, 06 ਅਕਤੂਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਜ਼ਿਲ੍ਹੇ ਅੰਦਰ ਹਰਿਆਲੀ ਅਤੇ ਜੰਗਲ ਅਧੀਨ ਰਕਬਾ ਵਧਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਕੀਤੇ ਉਦਮ ਸਦਕਾ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਅਤੇ ਮਗਨਰੇਗਾ ਸਕੀਮ ਅਧੀਨ ਪਿੰਡਾਂ ਦੀਆਂ ਸ਼ਾਮਲਾਟ ਜਮੀਨਾਂ ਉੱਪਰ ਪੌਦੇ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਵੱਲੋਂ ਰੋਜ਼ਾਨਾ ਇੱਕ ਥਾਂ ਦੀ ਸ਼ਨਾਖਤ ਕਰਦਿਆਂ ਪੌਦੇ ਲਗਾ ਕੇ ਇਸ ਮੁਹਿੰਮ ਨੂੰ ਪਿੰਡ—ਪਿੰਡ ਲਿਜਾਣ ਲਈ ਅਤੇ ਲੋਕਾਂ ਦੀ ਸ਼ਮੂਲੀਅਤ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਕਲੀਪੁਰ, ਤਾਮਕੋਟ ਅਤੇ ਰੱਲਾ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕਲੀਪੁਰ ਵਿੱਚ ਲਗਭਗ ਇਕ ਏਕੜ ਏਰੀਏ ਵਿਚ 5000 ਪੌਦੇ ਵੱਖ—ਵੱਖ ਪ੍ਰਜਾਤੀਆਂ ਦੇ ਲਗਾਏ ਜਾਣਗੇ। ਇਸੇ ਤਰ੍ਹਾਂ ਪਿੰਡ ਤਾਮਕੋਟ ਵਿਖੇ ਲਗਭਗ 2.5 ਏਕੜ ਏਰੀਏ ਵਿੱਚ ਵੱਖ—ਵੱਖ ਪ੍ਰਜਾਤੀਆਂ ਦੇ 10,000 ਪੌਦੇ ਲਗਾਏ ਜਾਣਗੇ ਅਤੇ ਪਿੰਡ ਰੱਲਾ ਦੀ ਲਗਭਗ 8 ਏਕੜ ਜਮੀਨ ਉੱਪਰ 12000 ਪੌਦੇ ਲਗਾਏ ਜਾਣਗੇ।
ਉਨ੍ਹਾਂ ਪਿੰਡ ਵਾਸੀਆਂ, ਪਿੰਡਾਂ ਦੇ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਕੁੱਲ 57 ਏਕੜ ਜਮੀਨ ਦੀ ਚੋਣ ਪੌਦੇ ਲਗਾਉਣ ਲਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਹੋਰ ਸ਼ਾਮਲਾਟ ਜਾਂ ਖਾਲੀ ਜ਼ਮੀਨਾ ਦੀ ਸ਼ਨਾਖਤ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਪੌਦੇ ਪਿੰਡਾਂ ਵਿੱਚ ਲਗਾਏ ਜਾ ਸਕਣ। 

NO COMMENTS