ਮਾਨਸਾ, 21 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ):ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਪ੍ਰਕਿਰਿਆ ਆਰੰਭ ਹੋਣ ਦੇ ਦਸਵੇਂ ਦਿਨ ਤੱਕ ਜਿਥੇ ਮੰਡੀਆਂ ਵਿੱਚ 3 ਲੱਖ 63 ਹਜ਼ਾਰ 510 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਉਥੇ ਹੀ ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ ਦੁਆਰਾ 3 ਲੱਖ 9 ਹਜ਼ਾਰ 958 ਮੀਟਰਕ ਟਨ ਕਣਕ ਘੱਟੋ ਘੱਟ ਸਮਰਥਨ ਮੁੱਲ 1975 ਰੁਪਏ ਪਰ੍ਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਦੱਸਿਆ ਕਿ ਖਰੀਦ ਵਿੱਚ ਪਨਗ੍ਰੇਨ ਸਭ ਤੋਂ ਮੋਹਰੀ ਚੱਲ ਰਹੀ ਹੈ ਜਿਸ ਦੁਆਰਾ ਬੀਤੀ ਸ਼ਾਮ ਤੱਕ 1 ਲੱਖ 12 ਹਜ਼ਾਰ 443 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦਕਿ ਮਾਰਕਫੈਡ ਵੱਲੋਂ 78 ਹਜ਼ਾਰ 190, ਪਨਸਪ ਵੱਲੋਂ 69 ਹਜ਼ਾਰ 555, ਵੇਅਰ ਹਾਊਸ ਵੱਲੋਂ 36 ਹਜ਼ਾਰ 95 ਅਤੇ ਐਫ.ਸੀ.ਆਈ ਦੁਆਰਾ 13 ਹਜ਼ਾਰ 675 ਮੀਟਰਕ ਟਨ ਦੀ ਖਰੀਦ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ, ਬੁਢਲਾਡਾ, ਬਰੇਟਾ, ਭੀਖੀ, ਸਰਦੂਲਗੜ੍ਹ ਅਤੇ ਬੋਹਾ ਅਨਾਜ ਮੰਡੀਆਂ ਵਿੱਚ ਪੂਰੇ ਕੋਵਿਡ ਪ੍ਰੋਟੋਕਾਲ ਨਾਲ ਕਣਕ ਦੀ ਖਰੀਦ ਦਾ ਕਾਰਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਮੰਡੀਆਂ ‘ਚ 6 ਲੱਖ 17 ਹਜ਼ਾਰ 826 ਮੀਟਰਕ ਟਨ ਕਣਕ ਦੀ ਆਮਦ ਹੋਈ ਸੀ ਜਦਕਿ ਇਸ ਵਾਰ 6.75 ਲੱਖ ਮੀਟਰਕ ਟਨ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ 117 ਅਨਾਜ ਮੰਡੀਆਂ ਤੋਂ ਇਲਾਵਾ 40 ਆਰਜ਼ੀ ਖਰੀਦ ਕੇਂਦਰਾਂ ਵਿੱਚ ਕਣਕ ਦੇ ਖਰੀਦ ਪ੍ਰਬੰਧ ਚੱਲ ਰਹੇ ਹਨ ਅਤੇ ਰੋਜ਼ਾਨਾ ਪਰ੍ਬੰਧਾਂ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਹੈ। ਸ਼੍ਰੀ ਮਹਿੰਦਰਪਾਲ ਨੇ ਦੱਸਿਆ ਕਿ ਕਿਸਾਨਾਂ ਦੀ ਭਲਾਈ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦੇ ਟੀਕਾਕਰਨ ਦੀ ਸਹੂਲਤ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਮੰਡੀਕਰਨ ਸੀਜ਼ਨ ਦੌਰਾਨ ਕਣਕ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਆੜ੍ਹਤੀਆਂ ਵੱਲੋਂ ਮੁਹੱਈਆ ਕਰਵਾਏ ਚੰਗੀ ਹਾਲਤ ਵਾਲੇ ਵਰਤੇ ਹੋਏ ਬਾਰਦਾਨੇ ਵਿੱਚ ਕਣਕ ਦੀ ਭਰਾਈ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਮੂਹ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਆੜ੍ਹਤੀ ਐਸੋਸੀਏਸ਼ਨ ਅਤੇ ਮਜ਼ਦੂਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਜਾਣੂ ਕਰਵਾਇਆ ਗਿਆ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਵਿੱਚ ਐਸ.ਪੀ ਸ਼੍ਰੀ ਰਾਕੇਸ਼ ਕੁਮਾਰ, ਡੀ.ਐਸ.ਪੀ ਸ੍ਰੀ ਗੁਰਮੀਤ ਸਿੰਘ ਬਰਾੜ, ਡੀ.ਐਫ.ਐਸ.ਸੀ ਸ਼੍ਰੀਮਤੀ ਮਧੂ ਗੋਇਲ, ਸਕੱਤਰ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਿੰਘ ਵੀ ਮੌਜੂਦ ਸਨ।