*ਮਾਨਸਾ ਅਨਾਜ ਮੰਡੀਆਂ ਵਿੱਚੋਂ 1 ਲੱਖ 72 ਹਜ਼ਾਰ 531 ਮੀਟਰਕ ਟਨ ਕਣਕ ਦੀ ਖਰੀਦ*

0
29

ਮਾਨਸਾ, 16 ਅਪ੍ਰੈਲ( ਸਾਰਾ ਯਹਾਂ /ਮੁੱਖ ਸੰਪਾਦਕ) ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ ਮਾਨਸਾ, ਬੁਢਲਾਡਾ, ਬਰੇਟਾ, ਭੀਖੀ, ਸਰਦੂਲਗੜ੍ਹ ਅਤੇ ਬੋਹਾ ਦੀਆਂ ਅਨਾਜ ਮੰਡੀਆਂ ਵਿੱਚ ਪੁੱਜੀ 2 ਲੱਖ 33 ਹਜ਼ਾਰ 476 ਮੀਟਰਕ ਟਨ ਕਣਕ ਵਿੱਚੋਂ 1 ਲੱਖ 72 ਹਜ਼ਾਰ 531 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ ।ਡਿਪਟੀ ਕਮਿਸ਼ਨਰ ਨੇ ਮੁੜ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸਿਰਫ਼ ਸੁੱਕੀ ਜਿਣਸ ਹੀ ਲਿਆਉਣ ਤਾਂ ਜੋ ਨਾਲੋ ਨਾਲ ਖਰੀਦ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮੂਹ ਉਪ ਮੰਡਲ ਮੈਜਿਸਟਰੇਟ ਲਗਾਤਾਰ ਖਰੀਦ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਰੋਜ਼ਾਨਾ ਦੇ ਆਧਾਰ ‘ਤੇ ਸਮੀਖਿਆ ਮੀਟਿੰਗਾਂ ਕਰਕੇ ਸਮੁੱਚੇ ਪ੍ਰਬੰਧਾਂ ਨੂੰ ਸਹੀ ਢੰਗ ਨਾਲ ਨੇਪਰੇ ਚੜ੍ਹਾਇਆ ਜਾਣ ਬਾਰੇ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੀ ਇਸ ਔਖੀ ਘੜੀ ਵਿਚ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਰੱਖਦੇ ਹੋਏ ਕਿਸਾਨਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਕਿਸੇ ਵੀ ਕਿਸਮ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਅੱਜ ਡੀ.ਐਫ.ਐਸ.ਸੀ ਸ਼੍ਰੀਮਤੀ ਮਧੂ ਗੋਇਲ ਨੇ ਸਰਦੂਲਗੜ੍ਹ ਤੇ ਬੁਢਲਾਡਾ ਦੀਆਂ ਮੰਡੀਆਂ ਦਾ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਬਾਰੇ ਪੁੱਛਿਆ ਜਿਸ ‘ਤੇ ਕਿਸਾਨਾਂ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਅੱਜ ਕੁਲ 52 ਹਜ਼ਾਰ 216 ਮੀਟਰਕ ਟਨ ਕਣਕ ਦੀ ਆਮਦ ਹੋਈ ਜਿਸ ਵਿੱਚੋਂ ਪਨਗਰੇਨ ਵੱਲੋਂ 11 ਹਜ਼ਾਰ 425, ਐਫ.ਸੀ.ਆਈ ਵੱਲੋਂ 3201, ਮਾਰਕਫੈਡ ਵੱਲੋਂ 6455, ਪਨਸਪ ਵੱਲੋਂ 7245 ਅਤੇ ਵੇਅਰ ਹਾਊਸ ਵੱਲੋਂ 7238 ਮੀਟਰਕ ਟਨ ਕਣਕ ਖਰੀਦੀ ਗਈ, ਜੋ ਕਿ ਕੁਲ 35 ਹਜ਼ਾਰ 564 ਮੀਟਰਕ ਟਨ ਬਣਦੀ ਹੈ।

NO COMMENTS