ਮਾਨਸਾ 25 ਅਗਸਤ (ਸਾਰਾ ਯਹਾਂ/ਹਿਤੇਸ਼ ਸ਼ਰਮਾ):ਜਿਲ੍ਹਾ ਸਿਹਤ ਸੇਵਾਵਾਂ ਦੇ ਮੁਖੀ ਡਾ ਹਿਤਿੰਦਰ ਕੌਰ ਸਿਵਲ ਸਰਜਨ ਨੇ ਅੱਜ ਸਿਵਲ ਹਸਪਤਾਲ ਮਾਨਸਾ ਵਿਖੇ ਅੱਖਾਂ ਦਾਨ ਮਹਾਂ ਦਾਨ ਪੰਦਰਵਾੜਾ ਜੋ ਕਿ 25 ਅਗਸਤ 2021 ਤੋਂ 8 ਸਤੰਬਰ 2021 ਤੱਕ ਮਨਾਇਆ ਜਾ ਰਿਹਾ ਹੈ ,ਦੀ ਸ਼ੁਰੂਆਤ ਮੌਕੇ ਬੋਲਦਿਆਂ ਕਿਹਾ ਕਿ ਮਰਨ ਉਪਰੰਤ ਅੱਖਾਂ ਦਾਨ ਕਰਕੇ ਕਿਸੇ ਨੇਤਰਹੀਣ ਵਿਅਕਤੀ ਦੀ ਜਿੰਦਗੀ ਨੂੰ ਰੌਸ਼ਨ ਕੀਤਾ ਜਾ ਸਕਦਾ ਹੈ।
ਅੱਖਾਂ ਦਾਨ ਬਾਰੇ ਜਰੂਰੀ ਜਾਣਕਾਰੀ ਦਿੰਦੇ ਹੋਏ ਡਾ. ਸ਼ੂਸ਼ਾਤ ਸੂਦ ਅੱਖਾਂ ਦੇ ਮਾਹਿਰ ਨੇ ਦੱਸਿਆ ਕਿ ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟੇ ਦੇ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ। ਅੱਖਾਂ ਦਾਨ ਕਰਨ ਨਾਲ ਦੋ ਨੇਤਰਹੀਣ ਵਿਅਕਤੀਟਾਂ ਨੂੰ ਰੋਸ਼ਨੀ ਦਿੱਤੀ ਜਾ ਸਕਦੀ ਹਨ। ਅੱਖਾਂ ਦਾਨ ਕਰਨ ਲਈ ਆਪਣੇ ਸਭ ਤੋਂ ਨੇੜੇ ਦੇ ਆਈ ਬੈਂਕ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਮੌਤ ਉਪਰੰਤ ਅੱਖਾਂ ਦਾਨ ਲਈ ਆਈ ਬੈਂਕ ਦੀ ਟੀਮ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ ਅਤੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟਾਂ ਵਿੱਚ ਹੀ ਮੁਕੰਮਲ ਕਰ ਲਈ ਜਾਂਦੀ ਹੈ। ਅੱਖਾਂ ਦਾਨ ਲੈਣ ਮਗਰੋਂ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਏਡਜ਼, ਪੀਲੀਆਂ, ਬਲੱਡ ਕੈਂਸਰ, ਅਤੇ ਦਿਮਾਗੀ ਬੁਖ਼ਾਰ ਆਦਿ ਤੋਂ ਪੀੜਤ ਹੋਣ, ਉਹ ਅੱਖਾਂ ਦਾਨ ਨਹੀਂ ਕਰ ਸਕਦੇ।
ਅੰਤ ਵਿੱਚ ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 104 ਉੱਤੇ ਸੰਪਰਕ ਕਰਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ ਜਾਂ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਾ. ਹਰਚੰਦ ਸਿੰਘ ਐਸ.ਐਮ.ਓ. ਸਿਵਲ ਹਸਪਤਾਲ ਮਾਨਸਾ, ਡਾ. ਬਲਜੀਤ ਕੌਰ ਸਹਾਇਕ ਸਿਵਲ ਸਰਜਨ, ਮੋਹਨ ਲਾਲ ਆਪਥਾਲਮਿਕ ਅਫ਼ਸਰ, ਰੋਜਲੀਨ ਨਰਸਿੰਗ ਸਿਸਟਰ ਆਦਿ ਹਾਜ਼ਰ ਸਨ।