*ਮਾਂ ਨੇ ਆਪਣੀ ਤਿੰਨ ਦਿਨ ਦੀ ਬੱਚੀ ਨੂੰ ਜ਼ਿੰਦਾ ਮਿੱਟੀ ’ਚ ਦਫਨਾਇਆ, PGI ‘ਚ ਇਲਾਜ ਦੌਰਾਨ ਮੌਤ*

0
34

(ਸਾਰਾ ਯਹਾਂ/  ਮੁੱਖ ਸੰਪਾਦਕ)  :ਚੰਡੀਗੜ੍ਹ ਦੇ ਨੇੜਲੇ ਪਿੰਡ ਨਵਾਂਗਰਾਓ ‘ਚ ਇੱਕ ਔਰਤ ਨੇ ਆਪਣੀ ਤਿੰਨ ਦਿਨਾਂ ਦੀ ਬੱਚੀ ਨੂੰ ਟੋਆ ਪੁੱਟ ਕੇ ਮਿੱਟੀ ਵਿੱਚ ਦਫਨਾ ਦਿੱਤਾ। ਜਦੋਂ ਇਸ ਬਾਰੇ ਘਰ ਦੇ ਬਾਕੀ ਮੈਂਬਰਾਂ ਨੂੰ ਪਤਾ ਚੱਲਿਆ ਤਾਂ ਬੱਚੀ ਨੂੰ ਮਿੱਟੀ ਵਿੱਚੋਂ ਕੱਢ ਕੇ ਪੀਜੀਆਈ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ।

ਮੁਲਜ਼ਮ ਔਰਤ ਦੀ ਪਛਾਣ ਅਨੀਤਾ ਰਾਣੀ ਵਾਸੀ ਪਿੰਡ ਕਰੌਰਾਂ ਵਜੋਂ ਹੋਈ ਹੈ। ਮੁਲਜ਼ਮ ਔਰਤ ਡਿਪ੍ਰੈਸ਼ਨ ਦੀ ਸ਼ਿਕਾਰ ਦੱਸੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਅਨੀਤਾ ਰਾਣੀ ਨੇ ਸ਼ੁੱਕਰਵਾਰ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਔਰਤ ਨੇ ਆਪਣੀ ਹੀ ਧੀ ਨੂੰ ਜ਼ਮੀਨ ‘ਚ ਟੋਆ ਪੁੱਟ ਕੇ ਦੱਬ ਦਿੱਤਾ ਸੀ। ਜਦੋਂ ਉਸ ਦਾ ਪਤੀ ਕੰਮ ਤੋਂ ਘਰ ਆਇਆ ਤਾਂ ਉਸ ਨੂੰ ਉਨ੍ਹਾਂ ਦੀ ਨਵਜੰਮੀ ਬੱਚੀ ਘਰ ਨਹੀਂ ਮਿਲੀ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।


ਜਦੋਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਔਰਤ ਨੇ ਹੀ ਬੱਚੀ ਨੂੰ ਟੋਏ ‘ਚੋਂ ਜ਼ਿੰਦਾ ਬਾਹਰ ਕੱਢਿਆ। ਇਸ ਮਗਰੋਂ ਪੁਲਿਸ ਨੇ ਤੁਰੰਤ ਨਵਜੰਮੀ ਬੱਚੀ ਨੂੰ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉਸ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਸੈਕਟਰ-16 ਦੇ ਹਸਪਤਾਲ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ।
ਪੀਜੀਆਈ ਵਿਚ ਇਲਾਜ ਦੌਰਾਨ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਔਰਤ ਡਿਪ੍ਰੈਸ਼ਨ ਦੀ ਸ਼ਿਕਾਰ ਦੱਸੀ ਜਾ ਰਹੀ ਹੈ। ਔਰਤ ਦਾ 2014 ਵਿੱਚ ਇਕ ਨਿੱਜੀ ਹਸਪਤਾਲ ਵਿਚ ਮਾਨਸਿਕ ਰੋਗ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ। ਬਾਅਦ ‘ਚ ਉਸ ਨੇ ਇਹ ਇਲਾਜ ਅੱਧ ਵਿਚਾਲੇ ਛੱਡ ਦਿੱਤਾ ਸੀ। ਇਸ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਡਿਪ੍ਰੈਸ਼ਨ ‘ਚ ਰਹਿੰਦੀ ਸੀ।

NO COMMENTS