ਮਾਨਸਾ 31 ਜੁਲਾਈ(ਸਾਰਾ ਯਹਾਂ/ਚਾਨਣਦੀਪ ਸਿੰਘ ਔਲਖ)
ਸਿਹਤ ਵਿਭਾਗ ਮਾਨਸਾ ਵੱਲੋਂ ਡਾ. ਅਸਵਨੀ ਕੁਮਾਰ ਸਿਵਲ ਸਰਜਨ ਮਾਨਸਾ ਦੇ ਦਿਸ਼ਾ ਨਿਰਦੇਸ਼ ਅਧੀਨ “ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਇਸ ਵਿਸ਼ੇਸ਼ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੀਆਂ ਡਾਕਟਰ ਅਸਵਨੀ ਕੁਮਾਰ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਹਰ ਸਾਲ ਮਿਤੀ 1 ਤੋਂ 7 ਅਗਸਤ ਤੱਕ “ਬ੍ਰੈਸਟ ਫੀਡਿੰਗ ਵੀਕ” ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਕੁਦਰਤ ਵੱਲੋਂ ਨਵਜਨਮੇ ਬੱਚੇ ਦੇ ਪੋਸ਼ਣ ਲਈ ਬਖਸ਼ਿਆ ਗਿਆ “ਮਾਂ ਦਾ ਦੁੱਧ” ਇਕ ਵੱਡਮੁੱਲੀ ਤੇ ਅਨਮੁੱਲੀ ਦਾਤ ਹੈ ਅਤੇ ਇਸ ਦੁੱਧ ਦਾ ਕੋਈ ਬਦਲ ਨਹੀਂ ਹੈ। ਇਸ ਲਈ ਜਨਮ ਤੋਂ ਪਹਿਲੇ ਘੰਟੇ ਦੇ ਅੰਦਰ ਅੰਦਰ ਹੀ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਓਂਕਿ ਪਹਿਲਾ ਤੇ ਬਾਉਲਾ ਦੁੱਧ ਪੌਸ਼ਟਿਕ ਤੱਤਾਂ ਤੇ ਵਿਟਾਮਿਨ “ਏ” ਨਾਲ ਭਰਪੂਰ ਹੁੰਦਾ ਹੈ।ਉਨਾਂ ਨੇ ਦੱਸਿਆ ਕਿ “ਮਾਂ ਦਾ ਦੁੱਧ” ਨਵਜੰਮੇ ਬੱਚੇ ਲਈ ਸਰਬੋਤਮ ਅਤੇ ਸੰਪੂਰਨ ਆਹਾਰ ਹੁੰਦਾ ਹੈ । ਇਹ ਬੱਚਿਆਂ ਨੂੰ ਕੁਪੋਸ਼ਣ ਅਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਹਨਾਂ ਦੇ ਸਰੀਰਕ ਤੇ ਮਾਨਸੀਕ ਵਿਕਾਸ ਵਿੱਚ ਵੀ ਸਹਾਇਕ ਹੁੰਦਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਹਤ ਕਰਮਚਾਰੀਆਂ ਵੱਲੋਂ “ਮਾਂ ਦੇ ਦੁੱਧ ਦੀ ਮਹੱਤਤਾ” ਸਬੰਧੀ ਅਤੇ ਦੁੱਧ ਚੁੰਘਾੳਣ ਸਮੇਂ ਕੁੱਝ ਖਾਸ ਧਿਆਨ ਰੱਖਣ ਯੋਗ ਗੱਲਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਵੇ ਬੱਚੇ ਨੂੰ ਹਮੇਸ਼ਾ ਬੈਠ ਕੇ ਦੁੱਧ ਚੁੰਘਾਉਣਾ, ਬੱਚੇ ਨੂੰ ਦੁੱਧ ਚੁੰਘਾਉਣ ਸਮੇਂ ਮਨ ਵਿੱਚ ਸਿਰਫ ਵਧੀਆਂ ਵਿਚਾਰ ਲਿਆਉਣੇ ਚਾਹੀਦੇ ਹਨ, ਬੱਚੇ ਦਾ ਮੂੰਹ ਛਾਤੀ ਦੇ ਏਨਾ ਨੇੜੇ ਨਾ ਰੱਖੋਂ ਕਿ ਉਸ ਦਾ ਨੱਕ ਦੱਬ ਜਾਵੇ ਅਤੇ ਸਾਹ ਲੈਣ ਵਿੱਚ ਕੋਈ ਮੁਸ਼ਕਿਲ ਨਾ ਹੋਵੇ , ਦੁੱਧ ਚੁੰਘਾਉਣ ਤੋਂ ਬਾਅਦ ਬੱਚੇ ਨੂੰ ਛਾਤੀ ਨਾਲ ਲਾ ਕੇ ਉਸ ਨੂੰ ਡਕਾਰ ਜਰੂਰ ਦਿਵਾਉਣਾ ਆਦਿ। ਸਿਹਤ ਵਿਭਾਗ ਮਾਨਸਾ ਦੇ ਮਾਸ ਮੀਡੀਆ ਵਿੰਗ ਵੱਲੋਂ ਸਮੇਂ ਸਮੇਂ ਇਹਨਾਂ ਜਾਗਰੂਕਤਾ ਦਿਵਸਾਂ ਅਤੇ ਵਿਸ਼ੇਸ਼ ਹਫਤਿਆਂ ਮੌਕੇ ਸਾਰੇ ਜ਼ਿਲੇ ਵਿਚ ਬਲਾਕ ਅਕਸਟੈਂਸ਼ਨ ਐਜੂਕੇਟਰਾਂ , ਸਮੂਹ ਸਿਹਤ ਕਰਮਚਰੀਆਂ, ਆਸ਼ਾ ਫਸਿਲਿਟੇਟਰਾਂ, ਆਸ਼ਾ ਵਰਕਰਾਂ ,ਆਂਗਨਵਾੜੀ ਵਰਕਰਾਂ ਦੀ ਮਦਦ ਨਾਲ ਪਿੰਡ ਪੱਧਰ ਤੱਕ “ਮਾਂ ਦੇ ਦੁੱਧ” ਦੀ ਮਹੱਤਤਾ ਸਬੰਧੀ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ।