*ਮਹਿੰਗੇ ਪੈਟਰੋਲ-ਡੀਜ਼ਲ ਖਿਲਾਫ ਡਟੇ ਕਿਸਾਨ, ਟਰੈਕਟਰ ਮਾਰਚ ਰਾਹੀਂ ਕੀਤਾ ਵਿਰੋਧ*

0
22

ਲੁਧਿਆਣਾ 29,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਕਿਸਾਨ ਹੁਣ ਖੇਤੀ ਕਾਨੂੰਨਾਂ ਦੇ ਨਾਲ-ਨਾਲ ਮਹਿੰਗੇ ਪੈਟਰੋਲ-ਡੀਜ਼ਲ ਖਿਲਾਫ ਵੀ ਡਟ ਗਏ ਹਨ। ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਸਮਰਾਲਾ ਵਿੱਚ ਵਿਸ਼ਾਲ ਰੋਸ ਮਾਰਚ ਕੱਢ ਕੇ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨੀ ਕੀਮਤਾਂ ਤੇ ਖੇਤੀ ਲਈ ਅੱਠ ਘੰਟੇ ਬਿਜਲੀ ਨਾ ਮਿਲਣ ਕਾਰਨ ਕਿਸਾਨ ਨਾਰਾਜ਼ ਹਨ।

ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਇਹ ਰੋਸ ਮਾਰਚ ਬੌਂਦਲੀ ਦੇ ਮਾਲਵਾ ਕਾਲਜ ਕੈਂਪਸ ਤੋਂ ਕੱਢਿਆ ਜਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਰਾਜ ਦੀ, ਸਾਰੀਆਂ ਸਰਕਾਰਾਂ ਪੈਟਰੋਲ, ਡੀਜ਼ਲ, ਰਸੋਈ ਗੈਸ ‘ਤੇ ਵੈਟ ਤੇ ਐਕਸਾਈਜ਼ ਡਿਊਟੀ ਲਾ ਕੇ ਆਪਣੇ ਖਜ਼ਾਨੇ ਭਰਨ ਵਿੱਚ ਰੁੱਝੀਆਂ ਹੋਈਆਂ ਹਨ। ਨਤੀਜੇ ਵਜੋਂ, ਖੇਤੀਬਾੜੀ, ਟ੍ਰਾਂਸਪੋਰਟ ਤੇ ਉਦਯੋਗ ਵਿੱਚ ਮਹਿੰਗਾਈ ਦੇ ਕਾਰਨ ਹਾਹਾਕਾਰ ਮਚੀ ਪਈ ਹੈ।

ਰਾਜੇਵਾਲ ਨੇ ਕਿਹਾ ਕਿ ਭਾਰੀ ਗਰਮੀ ਦੌਰਾਨ ਝੋਨੇ ਦੇ ਖੇਤਾਂ ਵਿੱਚ ਪਾਣੀ ਨਹੀਂ ਰੁਕਦਾ, ਦਿਨ ਵਿੱਚ ਸਿਰਫ ਚਾਰ ਤੋਂ ਪੰਜ ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਝੋਨੇ ਦੀ ਕਾਸ਼ਤ ਵਿੱਚ ਮੁਸ਼ਕਲ ਆ ਰਹੀ ਹੈ। ਕਿਸਾਨਾਂ ਕੋਲ ਮਹਿੰਗੇ ਡੀਜ਼ਲ ਖਰੀਦਣ ਲਈ ਪੈਸੇ ਨਹੀਂ ਹਨ। ਇਸ ਬਾਰੇ ਨਾ ਸਿਰਫ ਕਿਸਾਨ ਬਲਕਿ ਆਮ ਲੋਕ ਵੀ ਬਹੁਤ ਨਾਰਾਜ਼ ਹਨ। ਜੇ ਸਰਕਾਰ ਇਸ ਦਿਸ਼ਾ ਵਿੱਚ ਰਾਹਤ ਨਹੀਂ ਦਿੰਦੀ ਤਾਂ ਲੋਕ ਗੁੱਸੇ ਵਿੱਚ ਆ ਜਾਣਗੇ।

ਅੱਜ ਸਵੇਰੇ ਕਿਸਾਨ ਆਪਣੇ ਟਰੈਕਟਰਾਂ ਨਾਲ ਵੱਡੀ ਗਿਣਤੀ ਵਿੱਚ ਮਾਲਵਾ ਕਾਲਜ ਬੌਂਦਲੀ ਪਹੁੰਚੇ। ਕਿਸਾਨ ਆਪਣੇ ਨਾਲ ਟੋਚਨ ਵੀ ਲੈ ਕੇ ਆਏ। ਇਸ ਦਾ ਮਕਸਦ ਹੈ ਕਿ ਇਹ ਦੱਸਿਆ ਜਾ ਸਕੇ ਕਿ ਮਹਿੰਗੇ ਡੀਜ਼ਲ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਹੁਣ ਟਰੈਕਟਰਾਂ ਨੂੰ ਵੀ ਇੱਕ ਦੂਜੇ ਦੇ ਨਾਲ ਹੀ ਖਿੱਚਣਾ ਪੈ ਰਿਹਾ ਹੈ।

NO COMMENTS