*ਮਹਿਲਾ ਮੁੱਖ ਮੰਤਰੀ ਵਜੋਂ ਦਿੱਲੀ ਦੀ ਵਾਗਡੋਰ ਆਤਿਸ਼ੀ ਦੇ ਹੱਥ ਦੇਣਾ ਸਹੀ ਫੈਸਲਾ : ਭਾਟੀਆ*

0
45

ਫਗਵਾੜਾ 20 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੀ ਆਤਿਸ਼ੀ ਮਰਲੇਨਾ ਸਿੰਘ ਨੂੰ ਵਧਾਈ ਦਿੰਦੇ ਹੋਏ ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਕੱਤਰ ਅਸ਼ੋਕ ਭਾਟੀਆ ਨੇ ਅੱਜ ਇਥੇ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਮਹਿਲਾ ਵਜੋਂ ਆਤਿਸ਼ੀ ਨੂੰ ਆਪਣਾ ਉੱਤਰਾਧਿਕਾਰੀ ਬਣਾ ਕੇ ਬਿਲਕੁਲ ਸਹੀ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਆਤਿਸ਼ੀ ਆਕਸਫੋਰਡ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਮਾਸਟਰ ਡਿਗਰੀ ਹਾਸਲ ਪੜ੍ਹੀ-ਲਿਖੀ ਅਤੇ ਯੋਗ ਮਹਿਲਾ ਆਗੂ ਹਨ। ਜਿਹਨਾਂ ਨੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਮੰਡਲ ਵਿੱਚ ਸਿੱਖਿਆ, ਪੀ.ਡਬਲਿਊ.ਡੀ. ਅਤੇ ਸੈਰ ਸਪਾਟਾ ਵਰਗੇ ਮਹੱਤਵਪੂਰਨ ਵਿਭਾਗਾਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਉਹ ਆਪਣੇ ਹਲਕੇ ਕਾਲਕਾ ਜੀ ਦੇ ਵਿਕਾਸ ਵਿੱਚ ਵੀ ਆਪਣੀ ਕਾਬਲੀਅਤ ਦਾ ਸਬੂਤ ਦੇ ਚੁੱਕੇ ਹਨ। ਕੁਸ਼ਲ ਸਿਆਸਤਦਾਨ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਪਿਛੋਕੜ ਅਰਵਿੰਦ ਕੇਜਰੀਵਾਲ ਦੀ ਤਰ੍ਹਾਂ ਹੀ ਅੰਦੋਲਨਾਂ ਦੇ ਨਾਲ ਜੁੜਿਆ ਹੈ। ਜੋ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਅਸ਼ੋਕ ਭਾਟੀਆ ਨੇ ਕਿਹਾ ਕਿ ਆਤਿਸ਼ੀ ਵਰਗੀ ਨਿਧੜਕ ਆਗੂ ਦੇ ਦਿੱਲੀ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਭਾਜਪਾ ਸਮੇਤ ਉਹਨਾਂ ਸਾਰੀਆਂ ਵਿਰੋਧੀ ਧਿਰਾਂ ਦੇ ਮੂੰਹ ਤੇ ਤਾਲੇ ਲਗ ਗਏ ਹਨ ਜੋ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਸਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਖਿਲਾਫ ਰਚੀ ਗਈ ਭ੍ਰਿਸ਼ਟਾਚਾਰ ਦੀ ਸਾਜ਼ਿਸ਼ ਦਾ ਜਲਦ ਹੀ ਅਦਾਲਤ ’ਚ ਪਰਦਾਫਾਸ਼ ਹੋ ਜਾਵੇਗਾ ਅਤੇ ਉਹ ਬਾਇੱਜਤ ਬਰੀ ਹੋਣਗੇ। ਭਾਟੀਆ ਨੇ ਪੂਰੇ ਵਿਸ਼ਵਾਸ਼ ਨਾਲ ਕਿਹਾ ਕਿ ਆਮ ਆਦਮੀ ਪਾਰਟੀ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਤੋਂ ਸ਼ਾਨਦਾਰ ਜਿੱਤ ਦਰਜ ਕਰੇਗੀ ਕਿਉਂਕਿ ਦਿੱਲੀ ਦੇ ਲੋਕ ਆਪਣੇ ਹਰਮਨ ਪਿਆਰੇ ਆਗੂ ਅਰਵਿੰਦ ਕੇਜਰੀਵਾਲ ਵਿਰੁੱਧ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਸਿਆਸੀ ਸਾਜਿਸ਼ਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਬੈਠੇ ਹਨ।

NO COMMENTS