‘ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ’ 500 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗੀ ਸਥਾਪਤ

0
30

ਚੰਡੀਗੜ੍ਹ, 23 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) :ਪੰਜਾਬ ਦੇ ਅਮੀਰ ਖੇਡ ਵਿਰਸੇ ਅਤੇ ਖੇਡਾਂ ਵਿੱਚ ਪੰਜਾਬ ਦੇ ਦਬਦਬੇ ਨੂੰ ਮੁੜ ਕਾਇਮ ਕਰਨ ਦਾ ਸੁਪਨਾ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੀ ਸਥਾਪਨਾ ਦਾ ਸਾਕਾਰ ਰੂਪ ਧਾਰ ਰਿਹਾ ਹੈ। ਲਗਪਗ 500 ਕਰੋੜ ਰੁਪਏ ਦੀ ਲਾਗਤ ਨਾਲ 92.7 ਏਕੜ ਰਕਬੇ ਵਿੱਚ ਬਣਨ ਵਾਲੀ ਯੂਨੀਵਰਸਿਟੀ ਇਮਾਰਤ ਵਿੱਚ ਅਤਿ-ਆਧੁਨਿਕ ਖੇਡ, ਰਿਹਾਇਸ਼ੀ ਤੇ ਅਕਾਦਮਿਕ ਸਹੂਲਤਾਂ ਮੁਹੱਈਆ ਕਰਨਗੀਆਂ।ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਅਤੇ ਉਸਾਰੂ ਸੋਚ ਸਦਕਾ ਪਿੰਡ ਸਿੱਧੂਵਾਲ ਵਿਖੇ ਪਟਿਆਲਾ-ਭਾਦਸੋਂ ਰੋਡ ਅਤੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਨੇੜੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਅਤਿ-ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਆਪਣਾ ਕੈਂਪਸ ਸਥਾਪਤ ਕਰਨ ਲਈ 92.7 ਏਕੜ ਜ਼ਮੀਨ ਲਈ ਗਈ।ਇਸ ਮੌਕੇ ਖੇਡ ਮੰਤਰੀ ਨੇ ਖੇਡ ਯੂਨੀਵਰਸਿਟੀ ਬਾਰੇ ਮੁਕੰਮਲ ਜਾਣਕਾਰੀ ਦਿੰਦਾ ਇਕ ਕਿਤਾਬਚਾ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਐਮ.ਬੀ.ਐਸ. ਪੰਜਾਬ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 25 ਅਕਤੂਬਰ ਨੂੰ ਰੱਖਣਗੇ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਨਕਸ਼ਾ ਲੋਕ ਨਿਰਮਾਣ ਵਿਭਾਗ ਦੇ ਪੰਜਾਬ ਦੇ ਮੁੱਖ ਆਰਕੀਟੈਕਟ ਨੇ ਤਿਆਰ ਕੀਤਾ ਹੈ।


ਰਾਣਾ ਸੋਢੀ ਨੇ ਇਹ ਵੀ ਖੁਲਾਸਾ ਕੀਤਾ ਕਿ 500 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਹੋਣ ਵਾਲੀ ਇਸ ਯੂਨੀਵਰਸਿਟੀ ਵਿੱਚ ਖੇਡ ਵਿਗਿਆਨ, ਖੇਡ ਤਕਨਾਲੋਜੀ, ਖੇਡ ਪ੍ਰਬੰਧਨ ਅਤੇ ਅੰਤਰ ਰਾਸ਼ਟਰੀ ਮਾਪਦੰਡਾਂ ਵਾਲੀ ਖੇਡ ਕੋਚਿੰਗ ਨਾਲ ਖੇਡ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਵਿਸ਼ਵ ਪੱਧਰੀ ਸਿਖਲਾਈ ਅਤੇ ਅਕਾਦਮਿਕ ਬੁਨਿਆਦੀ ਢਾਂਚੇ ਵਾਲਾ ਇੱਕ ਆਧੁਨਿਕ ਕੈਂਪਸ ਸਥਾਪਤ ਕੀਤਾ ਜਾਵੇਗਾ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਇਹ ਯੂਨੀਵਰਸਿਟੀ ਮਹਿੰਦਰਾ ਕੋਠੀ, ਪਟਿਆਲਾ ਅਤੇ ਗੁਰਸੇਵਕ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਪਟਿਆਲਾ ਵਿੱਚ ਚੱਲ ਰਹੀ ਹੈ ਅਤੇ ਹਾਲ ਹੀ ਵਿੱਚ ਆਪਣਾ ਪਹਿਲਾ ਅਕਾਦਮੀ ਸਾਲ ਪੂਰਾ ਕੀਤਾ ਹੈ।
ਖੇਡ ਮੰਤਰੀ ਨੇ ਕਿਹਾ ਕਿ ਐਮਬੀਐਸ ਪੰਜਾਬ ਖੇਡ ਯੂਨੀਵਰਸਿਟੀ ਦੇ ਵਿਚਾਰ ਦੀ ਕਲਪਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ, ਜੋ ਖ਼ੁਦ ਇਕ ਬੇਮਿਸਾਲ ਨਿਸ਼ਾਨੇਬਾਜ਼, ਖੇਡ ਪ੍ਰੇਮੀ ਅਤੇ ਪੋਲੋ ਖਿਡਾਰੀ ਰਹੇ ਹਨ। ਉਨ੍ਹਾਂ ਮਹਿਸੂਸ ਕੀਤਾ ਕਿ ਜੇਕਰ ਪੰਜਾਬ ਨੇ ਆਪਣੇ ਖੇਡ ਵਿਰਸੇ ਅਤੇ ਦਬਦਬੇ ਨੂੰ ਮੁੜ ਕਾਇਮ ਕਰਨਾ ਹੈ ਤਾਂ ਪੰਜਾਬ ਲਈ ਇੱਕ ਵਿਸ਼ੇਸ਼ ਖੇਡ ਯੂਨੀਵਰਸਿਟੀ ਸਥਾਪਤ ਕਰਨਾ ਲਾਜ਼ਮੀ ਹੈ ਅਤੇ ਹੁਣ ਮੁੱਖ ਮੰਤਰੀ ਨੇ ਆਪਣੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਇਆ ਹੈ।
ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਹਾਕੀ ਓਲੰਪੀਅਨ ਅਜੀਤ ਸਿੰਘ ਤੇ ਪ੍ਰਭਜੋਤ ਸਿੰਘ, ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਡਾ. ਜਗਬੀਰ ਸਿੰਘ ਚੀਮਾ, ਪ੍ਰਮੁੱਖ ਸਕੱਤਰ ਖੇਡਾਂ ਸ੍ਰੀ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ. ਖਰਬੰਦਾ, ਖੇਡ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਐਨ.ਆਰ.ਆਈ. ਕੋਆਰਡੀਨੇਟਰ ਮਨਜੀਤ ਸਿੰਘ ਨਿੱਝਰ ਯੂ.ਕੇ., ਕਰਨ ਗਿਲਹੋਤਰਾ ਅਤੇ ਜੁਆਇੰਟ ਸਕੱਤਰ ਖੇਡ ਕੌਂਸਲ ਕਰਤਾਰ ਸਿੰਘ ਦੀ ਹਾਜ਼ਰੀ ਵਾਲੇ ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਖੇਡ ਵਿਗਿਆਨ, ਤਕਨਾਲੋਜੀ, ਪ੍ਰਬੰਧਨ ਅਤੇ ਕੋਚਿੰਗ ਵਿੱਚ ਮੁਹਾਰਤ ਪ੍ਰਦਾਨ ਕਰਨ ਤੋਂ ਇਲਾਵਾ ਯੂਨੀਵਰਸਿਟੀ ਕੌਮਾਂਤਰੀ ਪੱਧਰੀ ਮਾਪਦੰਡ ਅਪਣਾ ਕੇ ਚੋਣਵੇਂ ਵਿਸ਼ਿਆਂ ਲਈ ਸਿਖਲਾਈ ਕੇਂਦਰ ਵਜੋਂ ਵੀ ਕੰਮ ਕਰੇਗੀ।

ਅਤਿ-ਆਧੁਨਿਕ  ਆਊਟਡੋਰ ਅਤੇ ਇਨਡੋਰ ਖੇਡ ਸਹੂਲਤਾਂ ਹੋਣਗੀਆਂ ਮੁਹੱਈਆ
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਕੈਂਪਸ ਦਾ ਨਿਰਮਾਣ ਕਾਰਜ ਪੂਰਾ ਹੋਣ ਨਾਲ ਅਤਿ ਆਧੁਨਿਕ ਖੇਡ ਸਹੂਲਤਾਂ ਸਿੰਥੈਟਿਕ ਅਥਲੈਟਿਕ ਸਟੇਡੀਅਮ, ਐਸਟਰੋ-ਟਰਫ ਹਾਕੀ ਮੈਦਾਨ, ਬਾਸਕਟਬਾਲ, ਹੈਂਡਬਾਲ/ਵਾਲੀਬਾਲ ਕੋਰਟ ਅਤੇ ਸ਼ੂਟਿੰਗ ਦੇ ਨਾਲ-ਨਾਲ ਤੀਰਅੰਦਾਜ਼ੀ ਰੇਂਜ ਲਈ ਆਊਟਡੋਰ ਖੇਡ ਮੈਦਾਨ, ਬਾਕਸਿੰਗ ਅਤੇ ਕੁਸ਼ਤੀ, ਵੇਟ ਲਿਫਟਿੰਗ, ਬੈਡਮਿੰਟਨ, ਸਕੁਐਸ਼, ਜਿਮਨੇਜ਼ੀਅਮ ਅਤੇ ਯੋਗਾ ਲਈ ਇਨਡੋਰ ਮਲਟੀ-ਪਰਪਸ ਹਾਲ, ਆਧੁਨਿਕ ਵਿਗਿਆਨਕ ਉਪਕਰਣਾਂ ਅਤੇ ਤਕਨਾਲੋਜੀ ਨਾਲ ਲੈਸ ਅਤਿ-ਆਧੁਨਿਕ ਫਿਟਨੈੱਸ ਕੇਂਦਰ, ਖੇਡ ਵਿਗਿਆਨ ਅਤੇ ਬਾਇਓਮਕੈਨਿਕਸ ਕੋਰਸਾਂ ਲਈ ਵਿਸ਼ੇਸ਼ ਵਿਗਿਆਨਕ ਲੈਬਾਂ ਵਾਲੇ ਅਕਾਦਮਿਕ ਬਲਾਕ ਅਤੇ ਆਡੀਟੋਰੀਅਮ, ਲੜਕੇ ਅਤੇ ਲੜਕਿਆਂ ਲਈ ਵੱਖਰੇ ਰਿਹਾਇਸ਼ੀ ਖੇਤਰ ਅਤੇ ਦਫ਼ਤਰ ਬਲਾਕ ਬਣਨਗੇ। ਇਸ ਤੋਂ ਇਲਾਵਾ, ਸੂਬੇ ਦੀ ਖੇਡਾਂ ਵਿੱਚ ਸ਼ਾਨ, ਪਰੰਪਰਾ ਅਤੇ ਵਿਰਾਸਤ ਨੂੰ ਦਰਸਾਉਣ ਲਈ ਯੂਨੀਵਰਸਿਟੀ ਵਿੱਚ ਇੱਕ ਅਜਾਇਬਘਰ ਵੀ ਸਥਾਪਤ ਕੀਤਾ ਜਾਵੇਗਾ।

ਯੂਨੀਵਰਸਟੀ ਵਿੱਚ ਖੇਡਾਂ ਤੋਂ ਇਲਾਵਾ ਖੇਡ ਵਿਗਿਆਨ, ਤਕਨੀਕ ਅਤੇ ਪ੍ਰਬੰਧਨ ਦੀ ਸਿਖਲਾਈ` 
ਖੇਡ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਪੰਜਾਬ ਲਈ ਪਹਿਲਾ ਮੌਕਾ ਹੋਵੇਗਾ, ਜਦੋਂ ਖੇਡਾਂ ਮਨਪਰਚਾਵੇ ਅਤੇ ਦਾਅ-ਪੇਚ ਤੋਂ ਪਰ੍ਹੇ ਹੋਣਗੀਆਂ ਅਤੇ ਖੇਡ ਵਿਗਿਆਨ, ਖੇਡ ਤਕਨਾਲੋਜੀ ਅਤੇ ਖੇਡ ਪ੍ਰਬੰਧਨ ਵਰਗੇ ਪਹਿਲੂ ਖੇਡ ਮਾਨਸਿਕਤਾ ਅਤੇ ਬੁਨਿਆਦੀ ਢਾਂਚੇ ਵਿੱਚ ਵੱਡੇ ਬਦਲਾਅ ਲਿਆਉਣਗੇ। ਯੂਨੀਵਰਸਿਟੀ ਵਿੱਚ ਇਨ੍ਹਾਂ ਤਕਨੀਕੀ ਪਹਿਲੂਆਂ ਦੀ ਪੜ੍ਹਾਈ ਉਤੇ ਜ਼ੋਰ ਦਿੱਤਾ ਜਾਵੇਗਾ।

ਆਗਾਮੀ ਸੈਸ਼ਨ ਤੋਂ ਖੇਡਾਂ ਅਤੇ ਯੋਗਾ ਬਾਰੇ ਚਾਰ ਕੋਰਸ ਹੋਣਗੇ ਸ਼ੁਰੂ 
ਰਾਣਾ ਸੋਢੀ ਨੇ ਕਿਹਾ ਕਿ ਐਮ.ਬੀ.ਐਸ. ਪੰਜਾਬ ਖੇਡ ਯੂਨੀਵਰਸਿਟੀ ਨੇ 9 ਸਤੰਬਰ, 2019 ਨੂੰ ਯੂ.ਜੀ.ਸੀ. ਤੋਂ ਅਧਿਕਾਰਤ ਤੌਰ ਉਤੇ ਮਾਨਤਾ ਪ੍ਰਾਪਤ ਕੀਤੀ ਸੀ ਅਤੇ 16 ਸਤੰਬਰ, 2019 ਨੂੰ ਕਾਰਜਸ਼ੀਲ ਹੋਈ। ਮੌਜੂਦਾ ਸਮੇਂ ਇਸ ਵਿੱਚ ਬੀ.ਪੀ.ਈ.ਐਸ. ਅਤੇ ਯੋਗਾ ਵਿੱਚ ਪੀ.ਜੀ. ਡਿਪਲੋਮਾ 2 ਕੋਰਸ ਚੱਲ ਰਹੇ ਹਨ, ਜਦੋਂ ਕਿ ਚਾਰ ਕੋਰਸ ਬੀ.ਪੀ.ਈ.ਐਸ.(ਇਕ ਅਤੇ ਦੋ ਸਾਲ) ਚੱਲ ਰਹੇ ਹਨ। ਯੋਗਾ ਵਿਚ ਐਮ.ਐਸ.ਈ. ਅਤੇ ਯੋਗਾ ਵਿੱਚ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਆਗਾਮੀ ਸੈਸ਼ਨ ਤੋਂ ਸ਼ੁਰੂ ਕੀਤੇ ਜਾਣਗੇ। ਮੰਤਰੀ ਨੇ ਅੱਗੇ ਕਿਹਾ ਕਿ ਖੇਡ ਸਨਅਤ ਅਤੇ ਵਿਗਿਆਨਕ ਕੋਚਿੰਗ ਦੀਆਂ ਮੰਗਾਂ ਦੀ ਤਰਜ਼ `ਤੇ ਭਵਿੱਖ ਦੇ ਕੋਰਸਾਂ ਦੀ ਯੋਜਨਾ ਬਣਾਈ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਨੂੰ 24 ਅਗਸਤ, 2019 ਨੂੰ ਪੰਜਾਬ ਰਾਜ ਵਿਧਾਨ ਸਭਾ ਦੇ ਐਕਟ ਦੁਆਰਾ ਨੋਟੀਫਾਈ ਕੀਤਾ ਗਿਆ ਸੀ ਅਤੇ ਪ੍ਰੋ. ਗੁਰਸੇਵਕ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਪਟਿਆਲਾ ਨੂੰ ਕਾਂਸਟੀਚੂਐਂਟ ਕਾਲਜ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉੱਘੇ ਖਿਡਾਰੀ ਲੈਫਟੀਨੈਂਟ ਜਨਰਲ (ਡਾ.) ਜਗਬੀਰ ਸਿੰਘ ਚੀਮਾ ਨੂੰ ਪਹਿਲੇ ਅਤੇ ਸੰਸਥਾਪਕ ਉਪ ਕੁਲਪਤੀ ਵਜੋਂ ਨਿਯੁਕਤ ਕੀਤਾ ਗਿਆ ਸੀ।

ਐਮ.ਬੀ.ਐਸ.ਪੀ.ਐਸ.ਯੂ. ਮੀਲ ਦਾ ਪੱਥਰ ਸਾਬਤ ਹੋਵੇਗੀ: ਅਭਿਨਵ ਬਿੰਦਰਾ
ਪ੍ਰੈੱਸ ਕਾਨਫਰੰਸ ਦੌਰਾਨ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਬਾਰੇ ਵਿਸ਼ੇਸ਼ ਯੂਨੀਵਰਸਿਟੀ ਦੀ ਸਥਾਪਨਾ ਇਕ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਇਹ ਨਾ ਸਿਰਫ਼ ਇਕ ਸੰਸਥਾ ਵਜੋਂ ਖੇਡਾਂ ਦੀ ਸਿਖਲਾਈ ਦੇਵੇਗੀ, ਸਗੋਂ ਸੂਬੇ ਦੇ ਨਾਲ-ਨਾਲ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਵੀ ਸਾਬਤ ਹੋਵੇਗੀ।ਉਨ੍ਹਾਂ ਇਸ ਵੱਕਾਰੀ ਯੂਨੀਵਰਸਿਟੀ ਦੀ ਸਥਾਪਨਾ ਲਈ ਅਹਿਮ ਭੂਮਿਕਾ ਨਿਭਾਉਣ ਲਈ ਖੇਡ ਮੰਤਰੀ ਦਾ ਧੰਨਵਾਦ ਕੀਤਾ।    ———-

NO COMMENTS