*ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਕਰਵਾਏ ਕੁਇਜ਼ ਮੁਕਾਬਲੇ*

0
21

ਮਾਨਸਾ, 31 ਜਨਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)
ਦੇਸ਼ ਦੀ ਸੁਤੰਤਰਤਾ ਵਿੱਚ ਆਪਣਾ ਅਹਿਮ ਯੋਗਦਾਨ ਦੇਣ ਵਾਲੇ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ’ਤੇ ਸਥਾਨਕ ਅੰਬੇਡਕਰ ਭਵਨ ਵਿਖੇ ਬਣੀ ਮਾਨਸਾ ਯੂਥ ਲਾਇਬ੍ਰੇਰੀ ਵਿਖੇ 7ਵੀਂ ਤੋਂ 12ਵੀਂ ਜਮਾਤ ਦੇ ਸਕੂਲੀ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ ਨੇ ਦੱਸਿਆ ਕਿ ਬਹਾਰ-ਏ-ਖੁਸ਼ੀ ਚਿਲਡਰਨ ਲਾਇਬੇ੍ਰਰੀ ਤੇ ਕਲੱਬ ਅਤੇ ਜ਼ਿਲ੍ਹਾ ਚਾਈਲਡ ਵੈਲਫੇਅਰ ਕਾਊਂਸਿਲ ਮਾਨਸਾ ਵੱਲੋਂ ਕਰਵਾਏ ਗਏ ਕੁਇਜ਼ ਮੁਕਾਬਲਿਆਂ ਵਿੱਚ 11 ਸਕੂਲਾਂ ਦੇ ਕਰੀਬ 30 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ, ਜਿਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ, ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਦ ਰੋਇਲ ਗਲੋਬਲ ਸਕੂਲ ਖ਼ਿਆਲਾ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੁਨੀਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦੂਵਾਲਾ, ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭੀਖੀ, ਸਰਕਾਰੀ ਹਾਈ ਸਕੂਲ ਹਮੀਰਗੜ੍ਹ ਢੈਪਈ, ਅਲਪਾਈਨ ਪਬਲਿਕ ਸਕੂਲ ਮਾਨਸਾ, ਸਰਕਾਰੀ ਹਾਈ ਸਕੂਲ ਗੇਹਲੇ, ਮਾਈ ਨਿੱਕੋ ਦੇਵੀ ਸਕੂਲ ਮਾਨਸਾ ਅਤੇ ਸਰਕਾਰੀ ਹਾਈ ਸਕੂਲ ਮੌੜ ਸ਼ਾਮਿਲ ਸਨ।
ਕੁਇਜ਼ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਭੀਖੀ ਦੀਆਂ ਵਿਦਿਆਰਥਣਾਂ ਸੁਖਪ੍ਰੀਤ ਕੌਰ ਅਤੇ ਬੇਅੰਤ ਕੌਰ ਨੇ ਪਹਿਲਾ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੀਆਂ ਵਿਦਿਆਰਥਣਾਂ ਲਕਸ਼ਮੀ ਦੇਵੀ ਅਤੇ ਦਿਕਸ਼ਾ ਨੇ ਦੂਜਾ ਅਤੇ ਦ ਰੋਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਦਿਵਜੋਤ ਸਿੰਘ ਅਤੇ ਅਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼੍ਰੀ ਨਿਰਮਲ ਓਸੇਪਚਨ ਨੇ ਦੱਸਿਆ ਕਿ ਜੇਤੂ ਸਕੂਲਾਂ ਦੀਆਂ ਟੀਮਾਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਜਿਹੇ ਮੁਕਾਬਲੇ ਕਰਵਾਉਣ ਦਾ ਮੰਤਵ ਬੱਚਿਆਂ ਦੀ ਪ੍ਰਤਿਭਾ ਨੂੰ ਸਾਹਮਣੇ ਲੈ ਕੇ ਆਉਣਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀ ਜੀਵਨ ਤੋਂ ਹੀ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਮੋਹਰੀ ਸਥਾਨ ਪ੍ਰਾਪਤ ਕਰਨ ਦੇ ਕਾਬਲ ਬਣਦੇ ਹਨ ਅਤੇ ਉਨ੍ਹਾਂ ਦੇ ਆਤਮ-ਵਿਸਵਾਸ਼ ਵਿੱਚ ਵੀ ਕਾਫ਼ੀ ਵਾਧਾ ਹੁੰਦਾ ਹੈ।

NO COMMENTS