*ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਚੋਕਸ:ਡਾ. ਰਣਜੀਤ ਸਿੰਘ ਰਾਏ*

0
23

ਮਾਨਸਾ, 14 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਮੱਛਰ ਦੀ ਆਮਦ ਕਾਰਨ ਮਲੇਰੀਆ ਅਤੇ ਡੇਂਗੂ ਆਦਿ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਸਿਵਲ ਸਰਜਨ ਮਾਨਸਾ ਡਾ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਮਲੇਰੀਆ ਇਕ ਖਤਰਨਾਕ ਬਿਮਾਰੀ ਹੈ, ਜਿਸ ਤੋਂ ਬਚਾਅ ਲਈ ਸਾਨੂੰ ਮੱਛਰਾਂ ਤੋਂ ਆਪਣੇ ਆਪ ਨੂੰ ਬਚਾਉਣਾ ਪਵੇਗਾ ਕਿਉਂਕਿ ਇਹ ਸਿਰਫ ਮੱਛਰ ਦੇ ਕੱਟਣ ਕਾਰਨ ਹੀ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਪੀਡੀਮੋਲੋਜਿਸਟ ਸ੍ਰੀ ਸੰਤੋਸ਼ ਭਾਰਤੀ, ਗੁਰਜੰਟ ਸਿੰਘ ਏ ਐਮ ਓ, ਸਿਹਤ ਸੁਪਰਵਾਈਜ਼ਰਜ਼ ਅਤੇ ਸਿਹਤ ਵਰਕਰਜ਼ ਸਮੇਤ ਨੇਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਬ੍ਰਾਂਚ ਮਾਨਸਾ ਦੀ ਪੂਰੀ ਟੀਮ ਵਲੋਂ ਵਿਸ਼ੇਸ਼ ਸਰਵੇ ਕਰਕੇ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਹੀ ਮਲੇਰੀਆ ਤੋਂ ਬਚਾਉਣ ਲਈ ਚੁਕੰਨੇ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਇਸੇ ਤਹਿਤ ਅੱਜ ਬਲਾਕ ਖਿਆਲਾ ਕਲਾਂ ਦੇ ਵੱਖ ਵੱਖ ਪਿੰਡਾਂ ਵਿੱਚ ਐਸ ਐਮ ਓ ਡਾ ਹਰਦੀਪ ਸ਼ਰਮਾ ਦੀ ਅਗਵਾਈ ਹੇਠ ਮਾਈਗਰੇਟਰੀ ਅਬਾਦੀ ਦਾ ਸਰਵੇਖਣ ਕਰਵਾਇਆ ਗਿਆ। ਇਸ ਦੌਰਾਨ ਨੰਗਲ ਕਲਾਂ ਵਿਖੇ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਮੱਛਰ ਦੇ ਕੱਟਣ ਕਾਰਨ ਮਲੇਰੀਆ, ਡੇਂਗੂ ਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। ਉਨਾਂ ਦੱਸਿਆ ਕਿ ਇਹ ਮੱਛਰ ਸਾਫ ਅਤੇ ਖੜ੍ਹੇ ਪਾਣੀ ਵਿਚ ਪਲਦਾ ਹੈ। ਇਸ ਲਈ ਆਪਣੇ ਘਰਾਂ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ। ਇਸ ਮੰਤਵ ਲਈ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ‘ਡਰਾਈ ਡੇਅ’ ਮਨਾਇਆ ਜਾਂਦਾ ਹੈ। ਇਸ ਦਿਨ ਆਪਣੇ ਘਰਾਂ ਵਿੱਚ ਕੂਲਰਾਂ, ਗਮਲਿਆਂ, ਖਾਲੀ ਟੁੱਟੇ ਭਾਂਡਿਆਂ ਜਾਂ ਟਾਇਰਾਂ ਵਿਚ ਖੜ੍ਹਾ ਪਾਣੀ ਕੱਢ ਕੇ ਉਨ੍ਹਾਂ ਨੂੰ ਸਾਫ਼ ਕਰ ਦਿਓ। ਸੌਣ ਲੱਗੇ ਮੱਛਰਦਾਨੀਆਂ ਦਾ ਇਸਤੇਮਾਲ ਕਰੋ। ਇਸ ਤੋਂ ਇਲਾਵਾ ਮੱਛਰ ਭਜਾਉਣ ਵਾਲੀਆਂ ਦਵਾਈਆਂ ਦਾ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਿੰਡਾਂ ਦੇ ਛੱਪੜਾਂ ਵਿਚ ਲਾਰਵੇ ਨੂੰ ਰੋਕਣ ਲਈ ਗੰਬੂਜਿਆ ਮੱਛੀਆਂ ਪਾਈਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਛੱਪੜਾਂ ਜਾਂ ਹੋਰ ਖੜ੍ਹੇ ਪਾਣੀ ਵਿਚ ਕਾਲਾ ਤੇਲ ਵੀ ਪਾਇਆ ਜਾ ਸਕਦਾ ਹੈ। ਇਸ ਮੌਕੇ ਸਿਹਤ ਕਰਮਚਾਰੀ ਪ੍ਰਦੀਪ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।

NO COMMENTS