ਬੁਢਲਾਡਾ 05 ਅਪ੍ਰੈਲ (ਸਾਰਾ ਯਹਾਂ/ ਅਮਨ ਮਹਿਤਾ ) ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਬੁਢਲਾਡਾ ਦੇ ਸੈਕਟਰ ਬੋਹਾ ਅਤੇ ਬਰ੍ਹੇ ਅਧੀਨ ਪੈਂਦੇ ਪਿੰਡਾਂ ਵਿੱਚ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਗਤੀਵਿਧੀਆਂ ਬਾਰੇ ਸਿਹਤ ਸੁਪਰਵਾਈਜਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਇੰਨ੍ਹਾਂ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸ਼ੱਕੀ ਮਰੀਜ਼ਾਂ ਦੇ ਖੂਨ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹੇ ਪਾਣੀ ‘ਚ ਪੈਦਾ ਹੁੰਦਾ ਹੈ। ਇਸ ਲਈ ਪਾਣੀ ਕਿਸੇ ਵੀ ਥਾਂ ‘ਤੇ ਇੱਕਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਮਲੇਰੀਆ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਠੰਡ ਅਤੇ ਕਾਂਬੇ ਨਾਲ ਤੇਜ਼ ਬੁਖਾਰ, ਉਲਟੀਆਂ ਆਉਣਾ ਅਤੇ ਤੇਜ਼ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜੋਰੀ ਮਹਿਸੂਸ ਹੋਣਾ ਅਤੇ ਸਰੀਰ ਦਾ ਪਸੀਨੋ ਪਸੀਨੀ ਹੋਣਾ ਆਦਿ ਸ਼ਾਮਿਲ ਹਨ। ਇਸ ਲਈ ਅਜਿਹੇ ਲੱਛਣ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਜਾ ਕੇ ਆਪਣੇ ਖੂਨ ਦੀ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਸਰਕਾਰੀ ਸਿਹਤ ਕੇਂਦਰਾਂ ‘ਚ ਮਲੇਰੀਆ ਦੀ ਜਾਂਚ ‘ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਮਲੇਰੀਆ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਫ਼ਤੇ ਵਿੱਚ ਕੂਲਰਾਂ ਦਾ ਪਾਣੀ ਜਰੂਰ ਬਦਲੋ, ਛੱਤ ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੋ, ਗਮਲਿਆਂ, ਡਰੱਮ, ਟੁੱਟੇ ਭੱਜੇ ਭਾਂਡੇ, ਖਰਾਬ ਟਾਇਰ, ਟੱਬ, ਖਾਲੀ ਬੋਤਲਾਂ, ਗਲੀਆਂ, ਛੱਪੜਾਂ, ਨਾਲੀਆਂ, ਟੋਭਿਆਂ ਅਤੇ ਟੋਇਆਂ ਵਿੱਚ ਖੜ੍ਹੇ ਪਾਣੀ ਨੂੰ ਬਾਹਰ ਕੱਢ ਦਿਓ, ਨਾਲੀਆਂ ਵਿੱਚ ਪਾਣੀ ਨਾ ਖੜ੍ਹਾ ਹੋਣ ਦਿਓ। ਸਰੀਰ ਨੂੰ ਢੱਕਣ ਲਈ ਪੂਰੀ ਬਾਹਵਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ, ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਮੂਹ ਸਿਹਤ ਕਰਮਚਾਰੀਆਂ ਨੇ ਵਿਸ਼ਵਾਸ਼ ਦੁਵਾਇਆ ਕਿ ਉਹ ਇਨ੍ਹਾਂ ਬਿਮਾਰੀਆਂ ਦੇ ਕੰਟਰੋਲ ਲਈ ਪੂਰੀ ਵਾਹ ਲਾ ਦੇਣਗੇ।