*ਮਲਟੀਪਰਪਜ ਹੈਲਥ ਵਰਕਰ ਮੇਲ ਅਸਾਮੀ ਦਾ ਪਦ ਨਾਮ ਬਦਲਵਾਉਣ ਦੀ ਮੰਗ ਭਖੀ*

0
73


ਮਾਨਸਾ, 14 ਸਤੰਬਰ ( ਸਾਰਾ ਯਹਾਂ/ਔਲਖ ) ਸਿਹਤ ਵਿਭਾਗ ਵਲੋਂ ਲੋਕਾਂ ਤੱਕ ਸਿਹਤ ਸਹੂਲਤਾਂ ਪਹੁਚਾਉਣ ਵਿੱਚ ਮਲਟੀਪਰਪਜ ਹੈਲਥ ਵਰਕਰ (ਮੇਲ) ਅਹਿਮ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਇਹ ਸਿਹਤ ਸਿੱਖਿਆ ਲੈ ਕੇ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਤੱਕ ਪਹੁੰਚਦੇ ਹਨ। ਇਨ੍ਹਾਂ ਨੂੰ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਮਲੇਰੀਆ ਅਤੇ ਡੇਗੂ ਦੀ ਰੋਕਥਾਮ ਦੇ ਨਾਲ ਨਾਲ ਕਰੋਨਾ ਮਹਾਂਮਾਰੀ ਦੌਰਾਨ ਇਸ ਕੈਟਾਗਰੀ ਨੇ ਦਿਨ ਰਾਤ ਸੇਵਾਵਾਂ ਨਿਭਾਈਆਂ ਹਨ। ਪ੍ਰੰਤੂ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਮੰਗਾਂ ਵਿਚੋਂ ਮਲਟੀਪਰਪਜ ਹੈਲਥ ਵਰਕਰ (ਮੇਲ) ਅਸਾਮੀ ਦਾ ਪਦ ਨਾਮ ਬਦਲਵਾਉਣ ਦੀ ਮੰਗ ਮੂੱਖ ਮੱਗ ਬਣ ਕੇ ਉਭਰ ਰਹੀ ਹੈ।      ਜ਼ਿਕਰਯੋਗ ਹੈ ਕਿ ਮਲਟੀਪਰਪਜ ਹੈਲਥ ਵਰਕਰ ਮੇਲ ਅਸਾਮੀ ਦਾ ਇਹ ਪਦ ਨਾਮ ਬਦਲਵਾਉਣ ਦਾ ਯਤਨ ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਵਲੋਂ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਯੁਨੀਅਨ ਵਲੋਂ ਇਸ ਸਬੰਧੀ ਪੂਰੀ ਫਾਇਲ ਤਿਆਰ ਕਰਕੇ ਡਾਇਰੈਕਟਰ ਦਫ਼ਤਰ ਵਿਖੇ ਸਿਹਤ ਡਾਇਰੈਕਟਰ ਅਤੇ ਸਿਹਤ ਮੰਤਰੀ ਦੇ ਨਿੱਜੀ ਸਹਾਇਕ ਦੀ ਮੌਜੂਦਗੀ ਵਿੱਚ  ਮੀਟਿੰਗ ਦੌਰਾਨ ਦਿੱਤੀ ਗਈ ਸੀ। ਚਲਦੀ ਪ੍ਰਕਿਰਿਆ ਦੌਰਾਨ ਵਿਭਾਗ ਵੱਲੋਂ ਯੁਨੀਅਨ ਦੇ ਸਟੇਟ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਨਾਮ ਬਦਲਣ ਤੇ ਕੋਈ ਵਿੱਤੀ ਲਾਭ ਦੀ ਮੰਗ ਨਾ ਕਰਨ ਸਬੰਧੀ ਹਲਫ਼ੀਆ ਬਿਆਨ ਮੰਗਿਆ ਗਿਆ ਸੀ। ਨੁਮਾਇੰਦਿਆਂ ਵੱਲੋਂ ਕੋਈ ਵਿੱਤੀ ਲਾਭ ਨਾ ਲੈਣ ਸਬੰਧੀ ਹਲਫ਼ੀਆ ਬਿਆਨ ਸਮੇਂ ਸਿਰ ਦੇ ਦਿੱਤੇ  ਗਏ ਹਨ। ਪਰ ਹਾਲੇ ਤੱਕ  ਸਰਕਾਰ ਵੱਲੋਂ ਮਲਟੀਪਰਪਜ ਹੈਲਥ ਵਰਕਰ ਮੇਲ ਅਸਾਮੀ ਦਾ ਪਦ ਨਾਮ ਬਦਲਣ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਜਿਸਦਾ ਸਿਹਤ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।      ਅੱਜ ਬਾਲ ਭਵਨ ਮਾਨਸਾ ਵਿਖੇ ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਮਾਨਸਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸਿਹਤ ਕਾਮਿਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਯੁਨੀਅਨ ਦੇ ਸਰਪ੍ਰਸਤ ਕੇਵਲ ਸਿੰਘ ਨੇ ਯੁਨੀਅਨ ਦੇ ਸਟੇਟ ਪ੍ਰਧਾਨ ਨਾਲ ਗਲਬਾਤ ਕਰਕੇ ਇਸ ਮੁੱਦੇ ਨੂੰ ਜਲਦੀ ਹੱਲ ਕਰਵਾਉਣ ਲਈ ਗਤੀਵਿਧੀਆਂ ਤੇਜ਼ ਕਰਨ ਬਾਰੇ ਚਰਚਾ ਕੀਤੀ।   ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਾਨਣ ਦੀਪ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿਹਤ ਕਾਮਿਆਂ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰੀ ਕਰੇ। ਉਨ੍ਹਾਂ ਦੱਸਿਆ ਕਿ ਇਸ ਨਾਲ ਸਰਕਾਰ ਤੇ ਕਿਸੇ ਤਰ੍ਹਾਂ ਦਾ ਵਿੱਤੀ ਬੋਝ ਵੀ ਨਹੀਂ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ, ਜਗਦੀਸ਼ ਰਾਏ, ਤਰਸੇਮ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਲਖਵੀਰ ਸਿੰਘ, ਬੂਟਾ ਸਿੰਘ, ਕੁਲਵੀਰ ਸਿੰਘ, ਭੋਲ਼ਾ ਸਿੰਘ, ਸੋਮੀ ਰਾਮ ਆਦਿ ਹਾਜ਼ਰ ਸਨ।

NO COMMENTS