ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ 25ਵੀਂ ਬਰਸੀ ਮੌਕੇ ਘਰਾਂ ਵਿੱਚ ਹੀ ਸ਼ਰਧਾਂਜਲੀ ਦੇਣ ਲੋਕ: ਗੁਰਕੀਰਤ ਸਿੰਘ ਕੋਟਲੀ

0
22

ਚੰਡੀਗੜ੍ਹ, 30 ਅਗਸਤ  (ਸਾਰਾ ਯਹਾ, ਬਲਜੀਤ ਸ਼ਰਮਾ) :ਖੰਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇੱਥੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਸਬੰਧੀ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਯਾਦਗਾਰ ਵਿਖੇ ਇਸ ਵਾਰ ‘ਸਰਬ ਧਰਮ ਸੰਮੇਲਨ’ ਨਹੀਂ ਕਰਵਾਇਆ ਜਾਵੇਗਾ।

ਪੰਜਾਬ ਵਾਸੀਆਂ ਨੂੰ ਘਰਾਂ ਵਿੱਚ ਰਹਿ ਕੇ ਹੀ ਆਪਣੇ ਮਹਿਬੂਬ ਆਗੂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕਰਦਿਆਂ ਸ. ਕੋਟਲੀ ਨੇ ਕਿਹਾ ਕਿ ਦਿਨੋ-ਦਿਨ ਵਧ ਰਹੇ ਕੋਰੋਨਾ ਦੇ ਖ਼ਤਰੇ ਦੇ ਸਨਮੁਖ ਲੋਕਾਂ ਦੇ ਬਚਾਅ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਲਾਜ਼ਮੀ ਪਾਬੰਦੀਆਂ ਲਾਗੂ ਕੀਤੀਆਂ ਹਨ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਪਰਿਵਾਰ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਸਰਬ ਧਰਮ ਸੰਮੇਲਨ’ ਨਾ ਕਰਾਉਣ ਦਾ ਅਪੀਲ ਕੀਤੀ ਸੀ ਜਿਸ ਉਪਰੰਤ ਇਹ ਫ਼ੈਸਲਾ ਲਿਆ ਗਿਆ।

ਸ. ਕੋਟਲੀ ਨੇ ਕਿਹਾ ਕਿ ਪੰਜਾਬ ਦੇ 12ਵੇਂ ਮੁੱਖ ਮੰਤਰੀ ਸ. ਬੇਅੰਤ ਸਿੰਘ ਨੇ ਪੰਜਾਬ ਵਿੱਚ ਸ਼ਾਂਤੀ ਬਹਾਲੀ ਅਤੇ ਆਪਸੀ ਸਦਭਾਵਨਾ ਲਈ ਬਲੀਦਾਨ ਦਿੱਤਾ। ਆਪਣੇ ਦਾਦਾ ਜੀ ਨਾਲ ਬਿਤਾਈਆਂ ਯਾਦਾਂ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਸ. ਬੇਅੰਤ ਸਿੰਘ ਵੱਲੋਂ ਦਿਖਾਈਆਂ ਨੈਤਿਕ ਕਦਰਾਂ-ਕੀਮਤਾਂ ਉਨ੍ਹਾਂ ਦੇ ਜੀਵਨ ਦਾ ਸਦਾ ਹਿੱਸਾ ਰਹਿਣਗੀਆਂ। ਸ. ਬੇਅੰਤ ਸਿੰਘ ਦੀਆਂ ਨਿਡਰ ਮੁੱਖ ਮੰਤਰੀ ਵਜੋਂ ਨਿਭਾਈਆਂ ਸੇਵਾਵਾਂ ਨੂੰ ਪੰਜਾਬ ਦੇ ਲੋਕ ਹਮੇਸ਼ਾ ਯਾਦ ਰੱਖਣਗੇ ਅਤੇ ਉਨ੍ਹਾਂ ਨੂੰ ਹਮੇਸ਼ਾ ਆਪਣੇ ਕੰਮ ਨੂੰ ਸਮਰਪਿਤ ਆਗੂ ਵਜੋਂ ਜਾਣਿਆ ਜਾਂਦਾ ਰਹੇਗਾ।

ਵਿਧਾਇਕ ਨੇ ਕਿਹਾ ਕਿ ਚਾਰ ਦਹਾਕੇ ਤੱਕ ਲੋਕਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਲੇ ਸ. ਬੇਅੰਤ ਸਿੰਘ ਦੀ 31 ਅਗਸਤ ਨੂੰ 25ਵੀਂ ਬਰਸੀ ਮੌਕੇ ਪੰਜਾਬ ਵਾਸੀ ਆਪਣੇ-ਆਪਣੇ ਘਰਾਂ ਵਿੱਚ ਰਹਿ ਕੇ ਵਿਛੜੇ ਆਗੂ ਨੂੰ ਸ਼ਰਧਾਂਜਲੀ ਦੇਣ ਅਤੇ ਪੰਜਾਬ ਦੇ ਭਲੇ ਲਈ ਅਰਦਾਸ ਕਰਨ।

NO COMMENTS