*ਮਮਤਾ ਦਿਵਸ ਦੇ ਮੌਕੇ ਸਿਹਤ ਕੇਂਦਰਾਂ ’ਚ ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਕੀਤਾ ਟੀਕਾਕਰਨ*

0
15

ਮਾਨਸਾ 25 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਮਮਤਾ ਦਿਵਸ ਮੌਕੇ ਜ਼ਿਲ੍ਹੇ ਦੇ ਸਿਹਤ ਕੇਂਦਰਾਂ ’ਚ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।
ਪਿੰਡ ਭੈਣੀ ਬਾਘਾ ਅਤੇ ਰੜ ਵਿਖੇ ਮਮਤਾ ਦਿਵਸ ਦੌਰਾਨ ਸਪੋਰਟਿੰਗ ਸੁਪਰਵੀਜ਼ਨ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਵੱਖ ਵੱਖ ਕਾਰਨਾਂ ਕਰਕੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ। ਜੇਕਰ ਗਰਭਵਤੀ ਔਰਤਾਂ ਸਮੇਂ ਸਿਰ ਆਪਣੀ ਜਾਂਚ ਨਹੀਂ ਕਰਵਾਉਂਦੀਆਂ ਤਾਂ ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਕਈ ਵਾਰ ਗਰਭਵਤੀ ਔਰਤ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਹਰ ਇੱਕ ਗਰਭਵਤੀ ਮਹਿਲਾ ਨੂੰ ਸਮੇਂ ਸਿਰ ਆਪਣੀ ਸਿਹਤ ਜਾਂਚ ਅਤੇ ਟੀਕਾਕਰਨ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ  ਸਿਹਤ ਸਮੱਸਿਆ ਆਉਣ ’ਤੇ ਬਿਨ੍ਹਾਂ ਕਿਸੇ ਲਾਪ੍ਰਵਾਹੀ ਦੇ ਨਜ਼ਦੀਕੀ ਸਿਹਤ ਸੰਸਥਾ ਵਿੱਚ ਜਾ ਕੇ ਆਪਣਾ ਇਲਾਜ਼ ਕਰਾਉਣਾ ਚਾਹੀਦਾ ਹੈ ਅਤੇ ਆਪਣਾ ਰੁਟੀਨ ਚੈੱਕਅਪ ਸਬ ਸੈਂਟਰ ਦੀ ਏ.ਐਨ.ਐਮ.ਤੋਂ ਕਰਵਾਉਂਦੇ ਰਹਿਣਾ ਚਾਹੀਦਾ ਹੈ।
     ਇਸ ਮੌਕੇ ਸੀਨੀਅਰ ਸਿਹਤ ਸੁਪਰਵਾਈਜ਼ਰ ਸ੍ਰੀ ਜਗਦੀਸ਼ ਸਿੰਘ ਰੜ ਨੇ ਦੱਸਿਆ ਕਿ ਹਰ ਬੁੱਧਵਾਰ ਨੂੰ ਟੀਕਾਕਰਨ ਕੈਂਪ ਸਮੇਂ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤੇ ਸੁਰੱਖਿਅਤ ਜਣੇਪੇ ਨੂੰ ਮੁੱਖ ਰੱਖਦੇ ਹੋਏ ਟੀਕਾਕਰਨ ਅਤੇ ਸਾਰੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ। ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਵੱਲੋਂ ਸਮੇਂ ਸਮੇਂ ’ਤੇ ਗਰਭਵਤੀ ਔਰਤਾਂ ਦੀ ਕੌਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਗਰਭ ਵਿੱਚ ਪਲ ਰਹੇ ਬੱਚੇ ਦਾ ਧਿਆਨ ਰੱਖ ਸਕਣ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਨਵ ਜੰਮੇ ਬੱਚਿਆਂ ਦਾ ਸਰਕਾਰ ਵੱਲੋਂ ਬਣਾਏ ਗਏ ਸ਼ਡਿਊਲ ਅਨੁਸਾਰ ਸਮੇਂ ਸਿਰ ਟੀਕਾਕਰਨ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਵਜੰਮੇ ਬੱਚੇ ਨੂੰ ਹਸਪਤਾਲ ਵਿੱਚ ਹੀ ਹਾਈਪਾਟਾੲਇਟਸ ਬੀ, ਪੋਲੀਓ ਜ਼ੀਰੋ ਅਤੇ ਬੀ.ਸੀ.ਜੀ. ਦੀ ਖੁਰਾਕ 24 ਘੰਟਿਆਂ ਦੇ ਅੰਦਰ ਅੰਦਰ ਦਿੱਤੀ ਜਾਂਦੀ ਹੈ, ਉਸ ਉਪਰੰਤ ਪੇਂਟਾ, ਰੋਟਾ, ਆਈ.ਪੀ.ਵੀ.,ਪੀ.ਸੀ.ਵੀ.,ਅਤੇ ਪੋਲੀਓ ਦੀਆ ਤਿੰਨ ਖੁਰਾਕਾਂ ਕ੍ਰਮਵਾਰ ਡੇਢ ਮਹੀਨੇ, ਢਾਈ ਮਹੀਨੇ ਤੇ, ਸਾਢੇ ਤਿੰਨ ਮਹੀਨੇ ਦਿੱਤੀਆ ਜਾਂਦੀਆਂ ਹਨ ਅਤੇ ਬੱਚੇ ਨੂੰ ਨੌ ਮਹੀਨੇ ਦੀ ਉਮਰ ’ਤੇ ਵਿਟਾਮਿਨ ਏ, ਐਮ.ਆਰ, ਪੀ.ਸੀ.ਵੀ. ਆਈ.ਪੀ.ਵੀ.ਦੀ ਖੁਰਾਕ ਅਤੇ ਡੇਢ ਸਾਲ ਦੀ ਉਮਰ ’ਤੇ ਵਿਟਾਮਿਨ ਏ ਡੀ.ਪੀ.ਟੀ., ਐਮ.ਆਰ ਅਤੇ ਪੋਲੀਓ ਦੀ ਬੂਸਟਰ ਡੋਜ ਲਗਵਾਈ ਜਾਵੇ ਅਤੇ ਇਸ ਦੇ ਨਾਲ ਵਿਟਾਮਿਨ ਏ ਦੀਆਂ ਨੌ ਖਰਾਕਾਂ ਹਰ ਛੇ ਮਹੀਨਿਆਂ ਦੇ ਫਰਕ ਨਾਲ ਬੱਚੇ ਨੂੰ ਦੇਣੀਆਂ ਯਕੀਨੀ ਬਣਾਈਆ ਜਾਣ।
ਇਸ ਮੌਕੇ ਉਨਾਂ ਨੇ ਕੰਮ ਤੇ ਸਟਾਫ ਦੀ ਹਾਜ਼ਰੀ ਵੱਲੋਂ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਨਾਲ ਹੀ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਸਬ ਸੈਂਟਰ ਵਿਖੇ ਮਰੀਜ਼ਾਂ ਨੂੰ ਲਿਆ ਕੇ ਇਲਾਜ਼ ਕਰਵਾਇਆ ਜਾਵੇ।
          ਇਸ ਮੌਕੇ ਸੁਖਪਾਲ ਸਿੰਘ ਐਸ ਆਈ, ਵੀਰਪਾਲ ਕੌਰ, ਸਰਬਜੀਤ ਕੌਰ ਮਲਟੀਪਰਪਜ ਹੈਲਥ ਵਰਕਰ, ਪਰਵਿੰਦਰ ਕੁਮਾਰ ਮਲਟੀਪਰਪਜ਼ ਹੈਲਥ ਵਰਕਰ, ਮਨਦੀਪ ਕੌਰ ਆਸ਼ਾ ਫਸਿਲਿਟੇਟਰ, ਸਮੂਹ ਆਸ਼ਾ ਵਰਕਰਜ਼ ਤੋਂ ਇਲਾਵਾ ਸਿਹਤ  ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

NO COMMENTS