ਸਰਦੂਲਗੜ੍ਹ 12 ਮਾਰਚ,(ਸਾਰਾ ਯਹਾ, ਬਲਜੀਤ ਸ਼ਰਮਾ) ਹਲਕਾ ਦੇ ਪਿੰਡ ਜਟਾਣਾ ਖੁਰਦ ਦੇ ਮਨਰੇਗਾ ਮਜ਼ਦੂਰਾਂ ਦੁਆਰਾ ਆਪਣੇ ਹੱਕ ਲੈਣ ਲਈ ਬੀਡੀਓ ਦਫ਼ਤਰ ਸਰਦੂਲੇਵਾਲਾ ਵਿਖੇ ਧਰਨਾ ਲਗਾਇਆ ਗਿਆ। ਧਰਨੇ ‘ਚ ਸ਼ਾਮਲ ਔਰਤਾਂ ਨੇ ਪੰਚਾਇਤ ਵਿਭਾਗ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮੇਟ ਨੂੰ ਬਦਲਣ ਦੀ ਮੰਗ ਕੀਤੀ। ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਗੁਰਮੀਤ ਸਿੰਘ ਨੰਦਗੜ੍ਹ ਅਤੇ ਪ੍ਰਗਤੀਸ਼ੀਲ ਇਸਤਰੀ ਸਭਾ ਪੰਜਾਬ ਦੇ ਆਗੂ ਜਸਵੀਰ ਕੌਰ ਨੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦਾ ਮੇਟ ਮਜ਼ਦੂਰਾਂ ਦੀ ਸਹੀ ਹਾਜ਼ਰੀ ਨਹੀਂ ਲਗਾਉਂਦਾ ਜਦ ਕਿ ਘਰ ਬੈਠੇ ਕੁਝ ਅਸਰ ਸੂਖ ਵਾਲੇ ਸਰਪੰਚ ਦੇ ਨੇੜਲੇ ਵਿਅਕਤੀਆਂ ਦੀ ਹਾਜ਼ਿਰ ਭਰਕੇ ਮਨਰੇਗਾ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਮਨਰੇਗਾ ਮੇਟ, ਸਰਪੰਚ ਅਤੇ ਹੋਰ ਪੰਚਾਇਤੀ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਜਟਾਣਾ ਖੁਰਦ ਵਿਖੇ ਮਨਰੇਗਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਿਰਨਪਾਲ ਕੌਰ, ਗੁਰਮੀਤ ਕੌਰ, ਕਰਮਜੀਤ ਕੌਰ, ਸਿਮਰਜੀਤ ਕੌਰ, ਵੀਰਪਾਲ ਕੌਰ, ਬਲਜੀਤ ਕੌਰ, ਸੁਖਜੀਤ ਕੌਰ, ਸਤਪਾਲ ਕੌਰ, ਮਲਕੀਤ ਕੌਰ, ਜਸਮੇਲ ਕੌਰ ਆਦਿ ਹਾਜ਼ਰ ਸਨ।