21 ਫਰਵਰੀ ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਮੁੱਚੇ ਜ਼ਿਲ੍ਹੇ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਕਾਨੂੰਨ ਤਹਿਤ ਰੁਜ਼ਗਾਰ ਨਾ ਮਿਲਣ ਕਰਕੇ ਅਤੇ ਮਜ਼ਦੂਰ ਮੰਗਾਂ ਸਬੰਧੀ ਸਥਾਨਕ ਬੀ ਡੀ ਪੀ ਓ ਦਫਤਰ ਦਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਸਮਾਓ ਤੇ ਏਟਕ ਦੇ ਕਰਨੈਲ ਸਿੰਘ ਭੀਖੀ ਦੀ ਅਗਵਾਈ ਹੇਠ ਸੈਕੜੇ ਕਿਰਤੀ ਕਾਮਿਆਂ ਵੱਲੋਂ ਰੋਹ ਭਰਪੂਰ ਪ੍ਰਦਰਸ਼ਨ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਘਿਰਾਓ ਕਰਕੇ ਰੋਸ ਕੀਤਾ ਗਿਆ।
ਰੋਸ ਪ੍ਰਦਰਸ਼ਨ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਕਾਮਿਆਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਬੰਦ ਹੋਏ ਹਨ ਜੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੀ ਖੋਟੀ ਨੀਅਤ ਤੇ ਲਾਪ੍ਰਵਾਹੀ ਦਾ ਸਿੱਟਾ ਹੈ।
ਆਗੂਆਂ ਨੇ ਮਨਰੇਗਾ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਅਧਿਕਾਰੀਆਂ ਵੱਲੋਂ ਪ੍ਰੋਗ੍ਰੈਸ ਤਹਿਤ ਦਿਹਾੜੀ ਘੱਟ ਪਾਈ ਜਾ ਰਹੀ ਹੈ, ਜਦੋਂ ਕਿ ਸਮਾਂ ਤੇ ਦਿਹਾੜੀ ਕਾਨੂੰਨ ਅਨੁਸਾਰ ਤਹਿਤ ਹੈ। ਉਹਨਾਂ ਕਾਮਿਆਂ ਦੇ ਬਕਾਇਆ ਰਾਸ਼ੀ ਨੂੰ ਤੁਰੰਤ ਜਾਰੀ ਕਰਨ ਤੇ ਰੁਜ਼ਗਾਰ ਮੁੱਹਈਆ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਉਹਨਾਂ ਸੂਬਾ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਜਾਣਬੁਝ ਕੇ ਮਜ਼ਦੂਰ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਕਿਉਂਕਿ ਹਰ ਲੋੜਵੰਦ ਪਰਿਵਾਰਾਂ ਨੂੰ ਦਸ ਦਸ ਮਰਲੇ ਦੇ ਪਲਾਟ ਦੇਣ, ਘੱਟੋ ਘੱਟ ਬੁਢਾਪਾ ਪੈਨਸ਼ਨ 5000/ ਰੁਪਏ ਪ੍ਰਤੀ ਮਹੀਨਾ,1/3 ਹਿੱਸੇ ਦੀ ਪੰਚਾਇਤੀ ਜ਼ਮੀਨ ਵਿੱਚੋਂ ਦਲਿਤਾਂ ਦੇਣ, ਰਹਿੰਦੇ ਨਰਮਾ ਚੁਗਾਈ ਦੇ ਬਕਾਇਆ ਤੁਰੰਤ ਜਾਰੀ ਕਰੇ।ਇਸ ਵਿੱਚ ਕੀਤੀ ਜਾ ਰਹੀ ਆਨਾਕਾਨੀ ਬਰਦਾਸ਼ਤ ਨਹੀਂ ਹੋਵੇਗੀ ਜਿਸ ਖਿਲਾਫ ਤਿੱਖਾ ਅੰਦੋਲਨ ਕੀਤਾ ਜਾਏਗਾ।
ਇਸ ਮੌਕੇ ਬੀ ਡੀ ਪੀ ਓ ਨੂੰ ਜਥੇਬੰਦੀਆਂ ਵੱਲੋਂ ਮੰਗਾਂ ਸਬੰਧੀ ਮੰਗ ਪੱਤਰ ਸੂਬਾ ਸਰਕਾਰ ਨੂੰ ਭੇਜਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਦਲਜੀਤ ਮਾਨਸ਼ਾਹੀਆ,ਰੂਪ ਸਿੰਘ ਢਿੱਲੋਂ, ਕਪੂਰ ਸਿੰਘ ਕੋਟ ਲੱਲੂ,ਸੁਖਦੇਵ ਸਿੰਘ ਪੰਧੇਰ, ਗੁਰਪਿਆਰ ਸਿੰਘ ਫੱਤਾ, ਸੁਖਦੇਵ ਮਾਨਸਾ, ਬੂਟਾ ਸਿੰਘ ਬਰਨਾਲਾ, ਮੋਤੀ ਸਿੰਘ ਭੈਣੀਬਾਘਾ,ਸਿੰਦਰ ਕੌਰ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਹਰਨੇਕ ਸਿੰਘ ਢਿੱਲੋਂ, ਹਰਨੇਕ ਪੰਧੇਰ, ਮੁਖਤਿਆਰ ਸਿੰਘ ਖਿਆਲਾਂ, ਬੂਟਾ ਸਿੰਘ ਬਾਜੇ ਵਾਲਾ ,ਮੱਘਰ ਮੀਰਪੁਰ, ਬਲਦੇਵ ਦੂਲੋਵਾਲ, ਕਰਨੈਲ ਦੂਲੋਵਾਲ, ਸਿਕੰਦਰ ਸਿੰਘ ਸੱਦਾ ਸਿੰਘ ਵਾਲਾ, ਮਿੱਠੂ ਬਾਬਾ ਖਿੱਲਣ,ਰਾਜੂ ਕੋਟ ਲੱਲੂ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਟ ਸਕੱਤਰ ਦੀ ਭੂਮਿਕਾ ਨੋਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਸਾਥੀ ਹਰਪ੍ਰੀਤ ਸਿੰਘ ਮਾਨਸਾ ਨੇ ਬਾਖੂਬੀ ਨਿਭਾਈ ਗਈ।