*ਮਨਰੇਗਾ ਕਰਮਚਾਰੀਆਂ ਦੀ ਹੜਤਾਲ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ*

0
19

ਬੋਹਾ 27 ਜੁਲਾਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ) – ਮਨਰੇਗਾ ਕਰਮਚਾਰੀਆਂ ਦੇ ਲੰਮੇ ਸਮੇਂ ਤੋਂ ਹਡ਼ਤਾਲ ਤੇ ਚਲੇ ਆਉਣ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ  ਅਤੇ ਪਿੰਡਾਂ ਦੇ ਵਿਕਾਸ ਕਾਰਜ ਰੁਕ ਜਾਣ ਕਾਰਨ ਪਿੰਡ ਨਿਵਾਸੀਆਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ।ਉਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਗੰਢੂ ਖੁਰਦ ਦੇ ਸਰਪੰਚ ਕੁਲਵਿੰਦਰ ਕੌਰ  ਪਿੰਡ ਸ਼ੇਰਖਾਂ ਵਾਲਾ ਦੇ ਸਰਪੰਚ ਬਲਜੀਤ ਕੌਰ  ਤਾਲਬਵਾਲਾ ਦੇ ਸਰਪੰਚ ਬਲਵਿੰਦਰ ਸਿੰਘ ਅਤੇ ਪਿੰਡ ਭਖੜਿਆਲ ਦੇ  ਸਰਪੰਚ ਸੰਦੀਪ ਕੌਰ ਨੇ  ਪੱਤਰਕਾਰਾਂ ਕੋਲ ਕੀਤਾ  ।ਉਕਤ ਸਰਪੰਚਾਂ ਨੇ ਆਖਿਆ ਕਿ ਮਨਰੇਗਾ ਕਰਮਚਾਰੀ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਧੁਰਾ ਹਨ  ਅਤੇ ਇਨ੍ਹਾਂ ਦੇ ਯੋਗਦਾਨ ਬਿਨਾਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਨਾਮੁਮਕਿਨ ਹੈ।ਸਮੂਹ ਸਰਪੰਚਾਂ ਨੇ ਆਖਿਆ ਕਿ ਮਨਰੇਗਾ ਕਰਮਚਾਰੀ ਚਿਰਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਾਂ  ਜਦੋਂ ਕਿ ਇਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹਨ  ਇਸ ਤੋਂ ਇਲਾਵਾ ਬਹੁਤ ਘੱਟ ਤਨਖਾਹਾਂ ਤੇ ਅਜੋਕੇ ਮਹਿੰਗਾਈ ਦੇ ਦੌਰ ਵਿੱਚ ਘਰ ਦਾ ਗੁਜ਼ਾਰਾ ਚਲਾਉਣਾ ਬੇਹੱਦ ਮੁਸ਼ਕਲ ਹੁੰਦਾ ਹੈ  ਜਿਸ ਤੋਂ ਨਿਰਾਸ਼ ਹੋ ਕੇ ਮਨਰੇਗਾ ਕਰਮਚਾਰੀ ਹੜਤਾਲ ਉਪਰ ਹਨ ।ਸਿੱਟੇ ਵਜੋਂ ਮਨਰੇਗਾ ਅਧੀਨ  ਆਉਂਦੇ ਕੰਮ ਪੂਰੀ ਤਰ੍ਹਾਂ ਠੱਪ ਪਏ ਹਨ।ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੱਚੇ ਮਨਰੇਗਾ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰ ਕੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਬਹਾਲ ਕਰਾਵੇ ।

NO COMMENTS