*ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਸਾਨੂੰ ਸਭ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ:ਡਿਪਟੀ ਕਮਿਸ਼ਨਰ*

0
17

ਮਾਨਸਾ, 03 ਨਵੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਹਫਤੇ ਤਹਿਤ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਮਾਨਸਾ  ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭ੍ਰਿਸ਼ਟਾਚਾਰ ਆਰਥਿਕ ਤੇ ਸਮਾਜਿਕ ਵਿਕਾਸ ਵਿਚ ਰੁਕਾਵਟ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸਭਨਾ ਅੰਦਰ ਲਾਲਚ ਦੀ ਭਾਵਨਾ ਖ਼ਤਮ ਹੋਣੀ ਚਾਹੀਦੀ ਹੈ। ਆਮ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਚੰਗੇ ਆਚਰਣ ਵਾਲੇ ਮਨੁੱਖਾਂ ਦਾ ਹਰ ਖੇਤਰ ਵਿਚ ਅੱਗੇ ਆਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਸਾਨੂੰ ਸਭ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਖੁਦ ਵੀ ਆਪਣਾ ਕੋਈ ਸਰਕਾਰੀ ਕੰਮ ਕਰਵਾਉਣ ਲਈ ਰਿਸ਼ਵਤ ਨੂੰ ਬੜ੍ਹਾਵਾ ਨਾ ਦਈਏ ਅਤੇ ਰਿਸ਼ਵਤ ਮੰਗਣ ਵਾਲੇ ਖਿਲਾਫ ਵੀ ਵਿਜੀਲੈਂਸ ਬਿਊਰੋ ਦੀ ਮਦਦ ਲਈਏ।
ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਸ੍ਰੀ ਹਰਪਾਲ ਸਿੰਘ ਨੇ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਸੈਮੀਨਾਰ ਦੌਰਾਨ ਲੋਕਾਂ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਜਾਗਰੂਕ ਕਰਦੇ ਹੋਏ ਵਿਜੀਲੈਸ ਬਿਊਰੋ ਦੇ ਕੰਮ—ਕਾਜ ਅਤੇ ਬਿਊਰੋ ਵੱਲੋ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਹੱਕਾਂ ਬਾਰੇ ਵਿਦਿਆਰਥੀ ਜੀਵਨ ਤੋਂ ਹੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਇਸ ਸਬੰਧੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਕਰਵਾਉਣਾ ਸਭ ਦਾ ਹੱਕ ਹੈ ਅਤੇ ਜੇਕਰ ਇਸ ਕੰਮ ਬਦਲੇ ਕੋਈ ਤੁਹਾਡੇ ਤੋਂ ਪੈਸੇ ਦੀ ਮੰਗ ਕਰਦਾ ਹੈ ਤਾਂ  ਇਸ ਸਬੰਧੀ ਬੇਝਿਜਕ ਵਿਜੀਲੈਂਸ ਬਿਊਰੋ ਨੂੰ ਤੁਰੰਤ ਸੂਚਨਾ ਦੇ ਸਕਦੇ ਹੋ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਪੂਰੀ ਤਨਦੇਹੀ ਤੇ ਮੁਸਤੈਦੀ ਨਾਲ ਭ੍ਰਿਸ਼ਟਾਚਾਰ ਖਿਲਾਫ ਕੰਮ ਕਰ ਰਿਹਾ ਹੈ।
ਇਸ ਮੌਕੇ ਡੀ.ਐਸ.ਪੀ (ਵਿਜ਼ੀਲੈਂਸ ਬਿਊਰੋ) ਸ੍ਰੀ ਗੁਰਦੇਵ ਸਿੰਘ ਨੇ ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ 31 ਅਕਤੂਬਰ ਤੋਂ 5 ਨਵੰਬਰ ਤੱਕ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਭ੍ਰਿਸ਼ਟਾਚਾਰ ਸਬੰਧੀ ਸੂਚਨਾ ਦੇਣ ਲਈ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਵਿਜੀਲੈਂਸ ਦੇ ਹੈਲਪਲਾਈਨ ਨੰਬਰ 1800—1800—1000 ਜਾਂ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਨੰਬਰ 95012-00200 ’ਤੇ ਰਾਬਤਾ ਕੀਤਾ ਜਾ ਸਕਦਾ ਹੈ। ਇਸ ਮੌਕੇ ਕਾਲਜ ਵਿਦਿਆਰਥਣਾਂ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਕਵਿਤਾ ਉਚਾਰਣ ਕੀਤਾ ਗਿਆ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਵੱਲੋਂ ਕਾਲਜ ਵਿਖੇ ਪੌਦੇ ਵੀ ਲਗਾਏ ਗਏ।
ਇਸ ਮੌਕੇ ਐਸ.ਪੀ. ਜਸਕੀਰਤ ਸਿੰਘ ਅਹੀਰ, ਸਹਾਇਕ ਸਿਵਲ ਸਰਜਨ ਡਾ. ਜਸਕਮਲ ਕੌਰ, ਪ੍ਰਧਾਨ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਵਿਨੋਦ ਜਿੰਦਲ, ਪ੍ਰਿੰਸੀਪਲ ਡਾ. ਕਿਰਨ ਬਾਂਸਲ, ਮਾਸ ਮੀਡੀਆ ਅਫ਼ਸਰ ਪਵਨ ਕੁਮਾਰ, ਰਿਟਾਇਰਡ ਇੰਸਪੈਕਟਰ ਪੁਲਿਸ ਗੁਰਚਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੋਕ ਕੁਮਾਰ, ਡੀ.ਸੀ.ਐਫ.ਏ. ਅਸ਼ਵਨੀ ਕੁਮਾਰ ਮੌਜੂਦ ਸਨ।

NO COMMENTS