ਭਾਰਤ ਸਰਕਾਰ ਕੋਲ ਗਲਤੀ ਸੁਧਾਰਨ ਲਈ ਅਜੇ ਵੀ ਇੱਕ ਦਿਨ ਬਚਿਆ: ਗਿਆਨੀ ਹਰਪ੍ਰੀਤ ਸਿੰਘ

0
53

ਅੰਮ੍ਰਿਤਸਰ 18,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਰੋਕਣ ਦੇ ਮਾਮਲੇ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਕੋਲ ਗਲਤੀ ਸੁਧਾਰਨ ਲਈ ਸਿਰਫ ਇੱਕ ਦਿਨ ਬਚਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਫੈਸਲੇ ਉੱਪਰ ਮੁੜ ਵਿਚਾਰ ਕਰਕੇ ਜੱਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਅਜੇ ਵੀ ਸਮਾਂ ਹੈ ਕਿ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮਾਂ ‘ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਬਾਰੇ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਜਥੇ ‘ਤੇ ਪਾਬੰਦੀ ਸਰਕਾਰ ਦੀ ਇਤਿਹਾਸਕ ਗ਼ਲਤੀ ਹੈ।

ਉਨ੍ਹਾਂ ਕਿਹਾ ਕਿ ਇਸ ਜਥੇ ਨਾਲ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਸਮੇਤ ਭਾਰਤ ਤੋਂ ਹਜ਼ੂਰੀ ਰਾਗੀ ਜਥੇ ਜਾਣੇ ਸਨ, ਜਿਨ੍ਹਾਂ ਨੇ ਪਾਕਿਸਤਾਨ ਵਿਖੇ ਹੋ ਰਹੇ ਸ਼ਤਾਬਦੀ ਸਮਾਗਮਾਂ ‘ਚ ਕਥਾ ਕੀਰਤਨ ਸਰਵਨ ਕਰਾਉਣਾ ਸੀ, ਜਿਸ ਲਈ ਪਾਕਿਸਤਾਨ ਦੇ ਵੱਡੀ ਗਿਣਤੀ ‘ਚ ਹਿੰਦੂ ਸਿੱਖ ਨਨਕਾਣਾ ਸਾਹਿਬ ਪੁੱਜੇ ਹੋਏ ਹਨ ਪਰ ਸਰਕਾਰ ਵਲੋਂ ਜਥੇ ‘ਤੇ ਕੋਰੋਨਾ ਦੇ ਬਹਾਨੇ ਨਾਲ ਪਾਬੰਦੀ ਲਗਾ ਦੇਣ ਮੰਦਭਾਗੀ ਗੱਲ ਹੈ।

ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਹਰਿਦੁਆਰ ਵਿਖੇ ਕੁੰਭ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਕਰੋੜਾਂ ਸ਼ਰਧਾਲੂਆਂ ਨੇ ਸ਼ਾਮਿਲ ਹੋਣਾ ਹੈ, ਪਰ ਉਸ ‘ਤੇ ਕੋਰੋਨਾ ਕਾਰਨ ਕੋਈ ਪਾਬੰਦੀ ਨਹੀਂ। ਉਨ੍ਹਾਂ ਕਿਹਾ ਕਿ ਅਜੇ ਵੀ ਦੋ ਦਿਨ ਬਾਕੀ ਹਨ, ਭਾਰਤ ਸਰਕਾਰ ਨੂੰ ਸਮੁੱਚੇ ਜਥੇ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ, ਕਿਉਂਕਿ ਇਹ ਸ਼ਤਾਬਦੀ ਇਸ ਤੋਂ ਬਾਅਦ ਅਗਲੇ 100 ਸਾਲਾਂ ਬਾਅਦ ਹੀ ਆਉਣੀ ਹੈ।

NO COMMENTS