ਮਾਨਸਾ, 30 ਅਪ੍ਰੈਲ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਭਾਰਤ ਵਿਕਾਸ ਪ੍ਰੀਸ਼ਦ, ਮਾਨਸਾ ਬਰਾਂਚ ਦਾ ਸਹੁੰ ਚੁੱਕ ਸਮਾਗਮ ਵਿੱਦਿਆ ਭਾਰਤੀ ਸਕੂਲ, ਮਾਨਸਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪ੍ਰੀਸ਼ਦ ਦੇ ਮੈਂਬਰ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਏ। ਸ਼੍ਰੀ ਜੀ. ਡੀ. ਭਾਟੀਆ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ।ਪ੍ਰੀਸ਼ਦ ਦੇ ਸਟੇਟ ਆਰਗੇਨਾਇਜ਼ਿੰਗ ਸੈਕਟਰੀ ਸ਼੍ਰੀ ਰਾਜਿੰਦਰ ਗਰਗ ਵੱਲੋਂ ਨਵੀਂ ਟੀਮ ਨੂੰ ਸਹੁੰ ਚੁੱਕਾਈ ਗਈ।ਇਸ ਸਮਾਗਮ ਵਿੱਚ ਪ੍ਰੀਸ਼ਦ ਦੇ ਨਵ-ਨਿਯੁਕਤ ਪ੍ਰਧਾਨ ਡਾ. ਵਿਨੋਦ ਮਿੱਤਲ ਵੱਲੋਂ ਪ੍ਰੀਸ਼ਦ ਦੇ ਸਿਧਾਤਾਂ ਪ੍ਰਤੀ ਆਪਣੀ ਵਚਨਵੱਧਤਾ ਦੁਹਰਾਉੰਦੇ ਹੋਏ ਆਪਣੀ ਸਮੁੱਚੀ ਟੀਮ ਜਿਸ ਵਿੱਚ ਸੈਕਟਰੀ ਸ਼੍ਰੀ ਅਰੁਣ ਗੁਪਤਾ, ਕੈਸ਼ੀਅਰ ਸ਼੍ਰੀ ਪ੍ਰਦੀਪ ਜਿੰਦਲ ਅਤੇ ਕਾਰਜਕਾਰਨੀ ਕਮੇਟੀ ਮੈਬਰਾਂ ਸਮੇਤ ਸਹੁੰ ਚੁੱਕੀ। ਪ੍ਰੀਸ਼ਦ ਦੀ ਪੁਰਾਣੀ ਟੀਮ ਵੱਲੋਂ ਨਵੀਂ ਟੀਮ ਦੇ ਮੈਂਬਰਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਨੇ ਆਉਣ ਵਾਲੇ ਸਾਲ 2023-24 ਦੇ ਪ੍ਰਾਜੈਕਟਾਂ ਦੀ ਰੂਪ-ਰੇਖਾ ਪੇਸ਼ ਕਰਦਿਆ ਕਿਹਾ ਕਿ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਬਰਾਂਚ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਦੇ ਸਮੁੱਚੇ ਪ੍ਰਾਜੈਕਟ ਇੱਕ ਬਹੁਤ ਵਧੀਆ ਅਤੇ ਪੂਰੇ ਯੋਜਨਾਬੱਧ ਤਰੀਕੇ ਨਾਲ ਲਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰੀਸ਼ਦ ਦੀ ਬਿਹਤਰੀ ਲਈ ਦਿਨ-ਰਾਤ ਯਤਨ ਕੀਤੇ ਜਾਣਗੇ ਅਤੇ ਪ੍ਰੀਸ਼ਦ ਵੱਲੋਂ ਲੋਕ ਭਲਾਈ ਨਾਲ ਸੰਬੰਧਤ ਕਾਰਜਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਸਟੇਟ ਮਹਿਲਾ ਪ੍ਰਮੁੱਖ ਸ਼੍ਰੀਮਤੀ ਅਰਸ਼ੀ ਬਾਂਸਲ, ਜਿਲ੍ਹਾ ਪ੍ਰਧਾਨ ਸ਼੍ਰੀ ਐੱਸ.ਪੀ. ਜਿੰਦਲ, ਮਹਿਲਾ ਸੰਯੋਜਕਾ ਸ਼੍ਰੀਮਤੀ ਸੰਤੋਸ਼ ਭਾਟੀਆ ਅਤੇ ਡਾ. ਸੁਨੀਤ ਜਿੰਦਲ ਵੱਲੋਂ ਵਿਸ਼ਥਾਰ ਵਿੱਚ ਪ੍ਰੀਸ਼ਦ ਬਾਰੇ ਅਤੇ ਪ੍ਰੀਸ਼ਦ ਦੇ ਵੱਖੋ-ਵੱਖਰੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੀਸ਼ਦ ਦੀ ਪੁਰਾਣੀ ਟੀਮ ਵੱਲੋਂ ਪਿਛਲੇ ਸਾਲ ਦੌਰਾਨ ਲਾਏ ਗਏ ਪ੍ਰਾਜੈਕਟਾਂ ਬਾਰੇ ਅਤੇ ਹਿਸਾਬ-ਕਿਤਾਬ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਮਹਿਲਾ ਮੈਂਬਰਾਂ ਵੱਲੋਂ ਭਜਨ ਅਤੇ ਦੇਸ਼ ਭਗਤੀ ਦੇ ਗੀਤ ਗਾ ਕੇ ਰੰਗ ਬੰਨਿਆ ਗਿਆ। ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸ਼੍ਰੀ ਈਸ਼ਵਰ ਗੋਇਲ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੇ ਅਖੀਰ ਵਿੱਚ ਜਿਲ੍ਹਾ ਪ੍ਰਧਾਨ ਸ਼੍ਰੀ ਐੱਸ.ਪੀ. ਜਿੰਦਲ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦਾ ਇਹ ਸਹੁੰ-ਚੁੱਕ ਸਮਾਗਮ ਯਾਦਗਾਰੀ ਹੋ ਨਿਬਿੜਆ।