*’ਭਾਰਤ ਜੋੜੋ ਯਾਤਰਾ’ ‘ਚ ਰਾਹੁਲ ਗਾਂਧੀ ਦੇ ਖੁੱਲ੍ਹੇ ਦਾਹੜੇ ਤੇ ਦਸਤਾਰ ਦੀ ਚਰਚਾ, ਪੰਜਾਬ ਦੀ ਧਰਤੀ ‘ਤੇ ਪਹੁੰਚ ਕਹੀ ਵੱਡੀ ਗੱਲ*

0
147

(ਸਾਰਾ ਯਹਾਂ/ ਮੁੱਖ ਸੰਪਾਦਕ ) : ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚ ਗਈ ਹੈ। ਰਾਹੁਲ ਗਾਂਧੀ ਪੰਜਾਬ ਵਿੱਚ ਖੁੱਲ੍ਹੇ ਦਾੜ੍ਹੇ ਤੇ ਦਸਤਾਰ ਨਾਲ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਉਨ੍ਹਾਂ ਦੀ ਸੋਹਣੀ ਦਸਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਵੇਲੇ ਕੇਸਰੀ ਦਸਤਾਰ ਸਜਾਈ ਸੀ। ਅੱਜ ਉਹ ਜਦੋਂ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ ਤਾਂ ਉਨ੍ਹਾਂ ਨੇ ਲਾਲ ਰੰਗ ਦੀ ਪੱਗ ਬੰਨ੍ਹੀ ਸੀ। 

ਅੱਜ ਸਵੇਰੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਬਣੇ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਰੋਜ਼ਾ ਸ਼ਰੀਫ ‘ਚ ਮੱਥਾ ਟੇਕਣ ਗਏ। ਖਾਸ ਗੱਲ ਇਹ ਹੈ ਕਿ ਹੁਣ ਤੱਕ ਭਾਰਤ ਜੋੜੋ ਯਾਤਰਾ ‘ਚ ਰਾਹੁਲ ਨੂੰ ਪੰਜਾਬ ‘ਚ ਸਭ ਤੋਂ ਜ਼ਿਆਦਾ ਸੁਰੱਖਿਆ ਦਿੱਤੀ ਗਈ ਹੈ। ਇਸ ਵਿੱਚ ਪੰਜਾਬ ਪੁਲਿਸ ਨੇ ਅੱਗੇ ਤੇ ਪਿੱਛੇ ਤੇ ਦੋਵੇਂ ਪਾਸੇ ਸੁਰੱਖਿਆ ਘੇਰਾ ਬਣਾਇਆ ਹੋਇਆ ਹੈ।

ਅੱਜ ਯਾਤਰਾ ਦੀ ਸ਼ੁਰੂਆਤ ‘ਚ ਆਪਣੇ ਸੰਬੋਧਨ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ‘ਚ ਨਫਰਤ ਫੈਲਾਈ ਜਾ ਰਹੀ ਹੈ। ਆਰਐਸਐਸ-ਭਾਜਪਾ ਦੇ ਲੋਕ ਇੱਕ ਧਰਮ ਨੂੰ ਦੂਜੇ ਧਰਮ ਨਾਲ, ਇੱਕ ਭਾਸ਼ਾ ਨੂੰ ਦੂਜੇ ਨਾਲ ਲੜਾਉਣ ਵਿੱਚ ਲੱਗੇ ਹੋਏ ਹਨ। ਇਨ੍ਹਾਂ ਨੇ ਦੇਸ਼ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਸਾਨੂੰ ਦੇਸ਼ ਨੂੰ ਇੱਕ ਹੋਰ ਰਸਤਾ ਦਿਖਾਉਣਾ ਚਾਹੀਦਾ ਹੈ, ਪਿਆਰ, ਏਕਤਾ ਤੇ ਭਾਈਚਾਰੇ ਦਾ।

NO COMMENTS