ਭਾਰਤ ਛੱਡੋ ਅੰਦੋਲਨ ਦੇ 78ਵੇ ਦਿਹਾੜੇ ਨੂੰ

0
31

ਫਰੀਦਕੋਟ   (ਸਾਰਾ ਯਹਾ, ਸੁਰਿੰਦਰ ਮਚਾਕੀ):ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤੇ ਅੱਜ ਸਥਾਨਕ ਬਸ ਸਟੈਂਡ ਵਿਖੇ ਮੁਲਾਜ਼ਮ, ਮਜ਼ਦੂਰ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਦੇਸ਼ ਵਿਆਪੀ “ਭਾਰਤ ਬਚਾਓ ਦਿਵਸ” ਸਬੰਧੀ ਰੈਲੀ ਕੀਤੀ। ਰੈਲੀ ਨੂੰ ਹੜਤਾਲੀ ਦਫ਼ਤਰੀ ਮੁਲਾਜ਼ਮਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੰਧੂ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਪਵਨਪ੍ਰੀਤ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਤੇਜ ਸਿੰਘ ਹਰੀਨੌਂ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਸਲਾਹਕਾਰ ਬਲਦੇਵ ਸਿੰਘ ਸਹਿਦੇਵ ਅਤੇ ਸੂਬਾ ਸਕੱਤਰ ਅਸ਼ੋਕ ਕੌਸ਼ਲ, ਮੰਡੀ ਬੋਰਡ ਮੁਲਾਜ਼ਮਾਂ ਦੇ ਸੂਬਾ ਪ੍ਰਧਾਨ ਵੀਰ ਇੰਦਰਜੀਤ ਸਿੰਘ ਪੁਰੀ, ਬਿਜਲੀ ਬੋਰਡ ਦੇ ਹਰਪਾਲ ਸਿੰਘ ਮਚਾਕੀ, ਪੀਆਰਟੀਸੀ ਦੇ ਸੁਖਦੇਵ ਸਿੰਘ ਮੱਲੀ,ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਛੱਤਰ ਸਿੰਘ ਭਾਣਾ ਅਤੇ ਇਕਬਾਲ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਮੁਲਕ ਵਿੱਚ ਕਰੋਨਾ ਲਾਗ਼ ਮਹਾਂਮਾਰੀ ਨੂੰ ਕੰਟਰੋਲ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਅਤੇ ਕਰੋਨਾ ਮਰੀਜ਼ਾਂ ਦਾ ਕੁਲ ਅੰਕੜਾਂ ਵੀਹ ਲੱਖ ਅਤੇ ਮੌਤਾਂ ਦਾ ਤੀਹ ਹਜ਼ਾਰ ਨੂੰ ਪਾਰ ਕਰ ਗਿਆ ਹੈ ਅਤੇ ਹਰ ਰੋਜ਼ ਨਵੇਂ ਮਰੀਜ਼ਾਂ ਦੀ ਗਿਣਤੀ ਪੌਣੇ ਲਖ ਤੱਕ ਪੁੱਜ ਗਈ ਹੈ। ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਮਹਾਂਮਾਰੀ ਵੀ ਕੰਟਰੋਲ ਨਹੀਂ ਹੋਈ ਹੈ ਸਗੋਂ ਗ਼ਲਤ ਲਾਕਡਾਊਨ ਕਾਰਣ ਦੇਸ਼ ਦੀ ਆਰਥਿਕਤਾ ਦਾ ਵੀ ਭਠਾ ਬੈਠ ਗਿਆ ਹੈ। ਕਰੋੜਾਂ ਲੋਕਾਂ ਦੇ ਰੁਜ਼ਗਾਰ ਖ਼ਤਮ ਹੋ ਗਏ ਹਨ, ਬੇਰੁਜ਼ਗਾਰੀ ਅਤੇ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਇਸ ਮੁਸ਼ਕਿਲ ਸਮੇਂ ਵਿੱਚ ਕਿਰਤੀ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਕਮਜ਼ੋਰ ਕਰਕੇ ਮੁਨਾਫ਼ਾਖੋਰ ਉਦਯੋਗ ਮਾਲਿਕਾਂ ਨੂੰ ਮਜ਼ਦੂਰਾਂ ਦੀ ਅੰਨ੍ਹੀ ਲੁੱਟ ਕਰਨ ਦੀ ਖੁੱਲ ਦੇ ਦਿੱਤੀ ਹੈ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਤਰ ਸਾਲ ਦੌਰਾਨ ਉਸਾਰਿਆ ਪਬਲਿਕ ਸੈਕਟਰ ਮੋਦੀ ਸਰਕਾਰ ਖ਼ਤਮ ਕਰਨ ਲਈ ਮੋਦੀ ਸਰਕਾਰ ਤਰਲੋਮਛੀ ਹੋ ਰਹੀ ਹੈ। ਏਅਰ ਇੰਡੀਆ, ਹਵਾਈ ਅੱਡੇ, ਰੇਲਾਂ ਅਤੇ ਰੇਲਵੇ ਸਟੇਸ਼ਨ, ਕੋਲਾ ਖਾਣਾਂ, ਪੁਲਾੜ ਖੋਜ, ਅਸਲਾ ਫੈਕਟਰੀਆਂ, ਬੈੰਕ, ਬੀਮਾ ਆਦਿ ਸਭ ਦਾ ਧਕੇ ਨਾਲ ਨਿਜੀਕਰਨ ਕੀਤਾ ਜਾ ਰਿਹਾ ਹੈ। ਕੌਮੀ ਜਾਇਦਾਦ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਵੇਚੀ ਜਾ ਰਹੀ ਹੈ। ਅਸਹਿਮਤੀ ਅਤੇ ਹਕ ਸਚ ਦੀਆਂ ਅਵਾਜ਼ਾਂ ਨੂੰ ਕਾਲੇ ਕਾਨੂੰਨਾਂ ਨਾਲ ਦਬਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਅਜ਼ਾਦੀ ਦੀ ਲੜਾਈ ਵਾਂਗ ਦੇਸ਼ ਨੂੰ ਬਚਾਉਣ ਲਈ ਵੀ ਲੰਬੀ ਲੜਾਈ ਵਾਸਤੇ ਮਿਹਨਤਕਸ਼ ਅਤੇ ਇਨਸਾਫਪਸੰਦ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ। ਇਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਹੜਤਾਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
ਇਸ ਮੌਕੇ ਕੁਲਵੰਤ ਸਿੰਘ ਚਾਨੀ, ਇੰਦਰਜੀਤ ਸਿੰਘ ਖੀਵਾ, ਸੁਰਿੰਦਰ ਮਚਾਕੀ, ਬੈਂਕ ਮੁਲਾਜਮ ਆਗੂ ਸਤਿਆਦੇਵ ਸਿੰਘ, ਨਰੇਸ਼ ਅਰੋੜਾ ਅਤੇ ਸੁਖਪਾਲ ਸਿੰਘ, ਸੂਬਾ ਸਿੰਘ ਰਾਮੇਆਣਾ,ਗੋਰਾ ਸਿੰਘ ਪਿਪਲੀ, ਸ਼ਿਵ ਨਾਥ ਦਰਦੀ, ਜਗਤਾਰ ਭਾਣਾ ਅਤੇ ਪੈਨਸ਼ਨਰ ਆਗੂ ਅਰਜਨ ਸਿੰਘ ਵੀ ਹਾਜ਼ਰ ਸਨ।

NO COMMENTS