*ਭਾਰਤੀ ਹਵਾਈ ਸੈਨਾ ‘ਚ ਅਗਨਵੀਰ ਵਾਯੂ ਦੀ ਭਰਤੀ ਲਈ 23 ਨਵੰਬਰ ਤੱਕ ਕੀਤਾ ਜਾ ਸਕਦੈ ਆਨਲਾਈਨ ਅਪਲਾਈ—ਡਿਪਟੀ ਕਮਿਸ਼ਨਰ*

0
72

ਮਾਨਸਾ, 12 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਭਾਰਤੀ ਹਵਾਈ ਸੈਨਾ ਵੱਲੋਂ ਅਗਨੀਪਥ ਸਕੀਮ ਦੇ ਤਹਿਤ ਅਗਨੀਵੀਰ (ਵਾਯੂ) ਦੀ ਚਾਰ ਸਾਲਾਂ ਲਈ ਭਰਤੀ ਕੀਤੀ ਜਾ ਰਹੀ ਹੈ। ਅਗਨੀਵੀਰ ਵਾਯੂ ‘ਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 23 ਨਵੰਬਰ 2022 ਤੱਕ ਆਨਲਾਈਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅਗਨੀਪਥ ਸਕੀਮ ਦੇ ਤਹਿਤ ਅਗਨੀਵੀਰ ਵਾਯੂ ਦੀ ਚਾਰ ਸਾਲਾਂ ਦੀ ਭਰਤੀ ਸਬੰਧੀ ਰਜਿਸਟ੍ਰੇਸ਼ਨ ਲਈ ਬਿਨੈਕਾਰ http://agnipathvayu.cdac.in  ਵੈੱਬਸਾਈਟ ‘ਤੇ ਲਾਗ ਇੰਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਇਹ ਭਰਤੀ ਟੈਸਟ ਕਮਿਸ਼ਨਡ ਅਫ਼ਸਰ/ਪਾਈਲਟ ਅਤੇ ਨੈਵੀਗੇਟਰ ਵਾਸਤੇ ਨਹੀਂ ਹੈ। ਬਿਨੈਕਾਰ ਅਗਨਵੀਰ ਵਾਯੂ ਦੀ ਭਰਤੀ ਹੋਣ ਲਈ ਅਰਜੀ ਸਿਰਫ ਆਨਲਾਈਨ ਮਾਧਿਅਮ ਰਾਹੀਂ ਹੀ ਭੇਜਣ।
 ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਰਜਿਟ੍ਰੇਸ਼ਨ ਦੀ ਮਿਤੀ ‘ਚ ਵਾਧਾ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਉਮੀਦਵਾਰਾਂ ਦੀ ਜਨਮ ਮਿਤੀ 27 ਜੂਨ 2002 ਅਤੇ 27 ਨਵੰਬਰ 2005 ਵਿਚਕਾਰ (ਦੋਵੇਂ ਤਰੀਕਾਂ ਮਿਲਾ ਕੇ) ਹੋਵੇ, ਉਹ ਅਪਲਾਈ ਕਰ ਸਕਦਾ ਹੈ। ਇਸ ਭਰਤੀ ਲਈ ਕੇਵਲ ਅਣਵਿਆਹੇ ਲੜਕੇ ਜਾਂ ਲੜਕੀਆਂ ਹੀ ਅਪਲਾਈ ਕਰ ਸਕਦੇ ਹਨ। ਬਿਨੈਕਾਰ ਨੂੰ ਭਰਤੀ ਸਮੇਂ ਅਣਵਿਆਹੇ ਹੋਣ ਦਾ ਸਰਟੀਫਿਕੇਟ ਵੀ ਦੇਣਾ ਹੋਵੇਗਾ। ਵਧੇਰੇ ਜਾਣਕਾਰੀ ਬਿਨੈਕਾਰ ਭਾਰਤੀ ਵਾਯੂ ਸੈਨਾ ਦੀ ਵੈੱਬਸਾਈਟ http://agnipathvayu.cdac.in ‘ਤੇ ਹਾਸਲ ਕਰ ਸਕਦਾ ਹੈ।

NO COMMENTS