*ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਝੋਨੇ ਦੀ ਖਰੀਦ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਦੇ ਰੋਸ ਵਜੋਂ ਲਾਇਆ ਧਰਨਾ*

0
18

ਫਗਵਾੜਾ 22 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੱਲੋਂ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖਰੀਦ ਦੇ ਪੁਖਤਾ ਪ੍ਰਬੰਧ ਨਾ ਹੋਣ ਦੇ ਚਲਦਿਆਂ ਅੱਜ ਫਗਵਾੜਾ ਦੇ ਜੀ.ਟੀ. ਰੋਡ ‘ਤੇ ਸ਼ੁਗਰ ਮਿਲ ਚੌਕ ਵਿਖੇ ਸਵੇਰੇ 10 ਵਜੇ ਤੋਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਜੋ ਕਿ ਸਮਾਚਾਰ ਲਿਖੇ ਜਾਣ ਤੱਕ ਵੀ ਜਾਰੀ ਸੀ। ਇਸ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਝੋਨੇ ਨਾਲ ਲੱਦੀਆਂ ਟਰੈਕਟਰ-ਟਰਾਲੀਆਂ ਦੇ ਨਾਲ ਜੀ.ਟੀ. ਰੋਡ ‘ਤੇ ਮੌਜੂਦ ਰਹੇ। ਜਿਸ ਕਰਕੇ ਟਰੈਫਿਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ। ਹਾਲਾਂਕਿ ਪੁਲਿਸ ਵੱਲੋਂ ਪਹਿਲਾਂ ਹੀ ਟਰੈਫਿਕ ਨੂੰ ਡਾਇਵਰਟ ਕਰਕੇ ਰੂਟ ਤਿਆਰ ਕਰ ਦਿੱਤੇ ਸਨ ਪਰ ਫਿਰ ਵੀ ਦੂਸਰੇ ਸ਼ਹਿਰਾਂ ਅਤੇ ਦੂਰ ਦੁਰਾਢੇ ਪਿੰਡਾਂ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਖੱਜਲ ਖੁਆਰੀ ਪੇਸ਼ ਆਈ। ਇਸ ਦੌਰਾਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਸੂਬਾ ਸਕੱਤਰ ਸਤਨਾਮ ਸਿੰਘ ਸਾਹਨੀ, ਕੁਲਵਿੰਦਰ ਸਿੰਘ ਕਾਲਾ ਅਠੌਲੀ ਕੈਸ਼ੀਅਰ, ਸੂਬਾ ਪ੍ਰੈਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ ਤੋਂ ਇਲਾਵਾ ਸੀਨੀਅਰ ਕਿਸਾਨ ਆਗੂ ਸੰਤੋਖ ਸਿੰਘ ਲੱਖਪੁਰ, ਹਰਭਜਨ ਸਿੰਘ ਬਾਜਵਾ ਮਲਕਪੁਰ, ਜਸਵੀਰ ਸਿੰਘ ਬੜਾ ਪਿੰਡ, ਕੁਲਦੀਪ ਸਿੰਘ ਰਾਏਪੁਰ, ਸਵਰਨ ਸਿੰਘ ਲਾਦੀਆਂ, ਕਿਰਪਾਲ ਸਿੰਘ ਮੂਸਾਪੁਰ , ਮਨਜੀਤ ਸਿੰਘ ਲੱਲੀ ਆਦਿ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰੀ ਖਰੀਦ ਏਜੰਸੀਆਂ ਦੇ ਮਾੜੇ ਪ੍ਰਬੰਧਾਂ ਦੀ ਵਜ੍ਹਾ ਨਾਲ ਮੰਡੀਆਂ ਵਿੱਚ ਝੋਨੇ ਦੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਜਿਸ ਦੇ ਰੋਸ ਵਜੋਂ ਉਹਨਾਂ ਨੂੰ ਹਮਖਿਆਲੀ ਜੱਥੇਬੰਦੀਆਂ ਨੂੰ  ਨਾਲ ਲੈ ਕੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਸਪੱਸ਼ਟ ਕਿਹਾ ਕਿ ਜਦੋਂ ਤੱਕ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਣਗੇ ਇਹ ਧਰਨਾ ਅਣਮਿੱਥੇ ਸਮੇਂ ਤੱਕ ਨਿਰਵਿਘਨ ਜਾਰੀ ਰੱਖਿਆ ਜਾਵੇਗਾ। ਉਕਤ ਆਗੂਆਂ ਨੇ ਸ਼ੈਲਰ ਮਾਲਿਕਾਂ ਵੱਲੋਂ ਜੱਥੇਬੰਦੀਆਂ ਦਾ ਨਾਮ ਲੈ ਕੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ-ਖੁਸੱਟ ਪ੍ਰਤੀ ਡੂੰਘੀ ਨਰਾਜਗੀ ਪ੍ਰਗਟਾਈ ਅਤੇ ਕਿਹਾ ਕਿ ਜੇਕਰ ਇਹ ਲੁੱਟ ਬੰਦ ਨਾ ਕੀਤੀ ਗਈ ਤਾਂ ਸ਼ੈਲਰ ਮਾਲਕਾਂ ਖਿਲਾਫ ਵੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਖਰੀਦ ਸਹੀ ਢੰਗ ਨਾਲ ਨਾ ਹੋਣ ਕਰਕੇ ਸਿਰਫ ਕਿਸਾਨੀ ਨੂੰ ਹੀ ਨਹੀਂ ਬਲਕਿ ਪੰਜਾਬ ਦੀ ਆਰਥਿਕਤਾ ਅਤੇ ਮੰਡੀਕਰਣ ਪ੍ਰਣਾਲੀ ਨੂੰ ਵੀ ਡੂੰਘੀ ਸੱਟ ਵੱਜੇਗੀ। ਉਹਨਾਂ ਕਿਹਾ ਕਿ ਧਰਨਾ ਦੇਣਾ ਉਹਨਾਂ ਦਾ ਸ਼ੌਂਕ ਨਹੀਂ ਸਗੋਂ ਮਜਬੂਰੀ ਹੈ ਕਿਉਂਕਿ ਕਿਸਾਨ ਵੀਰਾਂ ਨੇ ਸਰਕਾਰਾਂ ਦੀਆਂ ਸਿਫਾਰਸ਼ਾਂ ‘ਤੇ  ਬੀਜੇ ਹੋਏ ਝੋਨੇ ਦੀ ਖਰੀਦ ਤੋਂ ਸਰਕਾਰਾਂ ਭੱਜ ਰਹੀਆਂ ਹਨ ਜਦੋਂ ਕਿ ਕਿਸਾਨ ਮੰਡੀਆਂ ਵਿੱਚ ਖੱਜਲ ਖੁਆਰ ਹੋਣ ਲਈ ਮਜਬੂਰ ਹਨ ਜਿਸ ਤੋਂ ਲੱਗਦਾ ਹੈ ਕਿ ਸਰਕਾਰਾਂ ਬਿਲਕੁਲ ਕਿਰਸਾਨੀ ਦੇ ਮਾਮਲਿਆਂ ਵਿੱਚ ਫੇਲ ਸਾਬਤ ਹੋਈਆਂ ਹਨ। ਇਸ ਧਰਨੇ ਦੌਰਾਨ ਸਕੂਲ ਬੱਸਾਂ ਅਤੇ ਐਂਬੁਲੈਂਸ, ਫਾਇਰ ਬ੍ਰਿਗੇਡ ਆਦਿ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਗਿਆ। ਇਸ ਮੌਕੇ ਕਾਮਰੇਡ ਰਣਦੀਪ ਸਿੰਘ ਰਾਣਾ, ਨਰੇਸ਼ ਭਾਰਦਵਾਜ, ਕੁਲਵੰਤ ਰਾਏ ਪੱਬੀ, ਗੁਰਦਿਆਲ ਸਿੰਘ ਭੁੱਲਾਰਾਈ, ਮੋਹਨ ਸਿੰਘ ਸਾਂਈ, ਦਵਿੰਦਰ ਸਿੰਘ ਸੰਧਵਾ, ਚੂਹੜ ਸਿੰਘ ਗੰਡਵਾ, ਹਰਵਿੰਦਰ ਸਿੰਘ ਖੁਨਖੁਨ, ਕੁਲਵੰਤ ਸਿੰਘ ਵਰਿਆਹਾਂ, ਗੁਲਸ਼ਨ ਆਹੂਜਾ ਫਿਲੌਰ, ਬਲਵਿੰਦਰ ਸਿੰਘ ਖਹਿਰਾ, ਸਤਵੀਰ ਸਿੰਘ, ਕਸ਼ਮੀਰ ਸਿੰਘ ਪੰਨੂ ਮਹਿਤਪੁਰ, ਕਮਲ ਢੱਡਵਾਲ, ਬਲਿਹਾਰ ਸਿੰਘ, ਦਵਿੰਦਰ ਪਾਲ, ਇੰਦਰਜੀਤ ਸਿੰਘ, ਲਵਪ੍ਰੀਤ ਸਿੰਘ, ਲੱਕੀ ਗਰੇਵਾਲ, ਜਸਵੰਤ ਸਿੰਘ ਨੀਟਾ ਜਗਪਾਲਪੁਰ, ਸੋਨੂੰ ਜਗਪਾਲਪੁਰ, ਸਰਬਜੀਤ ਸਿੰਘ ਲੱਖਪੁਰ, ਲਹਿੰਬਰ ਸਿੰਘ ਲੱਖਪੁਰ, ਅਵਤਾਰ ਸਿੰਘ ਲੱਖਪੁਰ, ਜਰਨੈਲ ਸਿੰਘ ਮੂਸਾਪੁਰ, ਮੁਖਤਿਆਰ ਸਿੰਘ ਜੱਸੋਮਜਾਰਾ, ਹਰਜੀਤ ਸਿੰਘ ਸਰਹਾਲਾ ਰਾਣੂਆ, ਬਲਜਿੰਦਰ ਸਿੰਘ ਚੱਕ ਮੰਡੇਰ, ਸੁਖਵਿੰਦਰ ਸਿੰਘ ਸੰਧਵਾ, ਕੁਲਜੀਤ ਸਿੰਘ, ਜੋਰਾ ਜੱਸੋਮਜਾਰਾ, ਦਲਜੀਤ ਸਿੰਘ, ਤਰਸੇਮ ਸਿੰਘ ਢਿੱਲੋਂ, ਮਨਜੀਤ ਸਿੰਘ ਲੱਲੀਆਂ, ਮੇਜਰ ਸਿੰਘ ਅਤੇ ਸੁਖਵੀਰ ਸਿੰਘ ਕੁੱਕੜ ਪਿੰਡ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਤੇ ਵਰਕਰ ਹਾਜਰ ਸਨ।

NO COMMENTS