*ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਬਲਾਕ ਮਾਨਸਾ ਦੇ ਕਿਸਾਨਾਂ ਵੱਲੋਂ ਬਿਜਲੀ ਸਪਲਾਈ ਵਿੱਚ ਲੱਗ ਰਹੇ ਕੱਟਾਂ ਦੇ ਰੋਸ ਵਜੋਂ ਬਰਨਾਲਾ-ਸਿਰਸਾ ਰੋਡ ਜਾਮ*

0
29

ਮਾਨਸਾ 19 ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਬਲਾਕ ਮਾਨਸਾ ਦੇ ਕਿਸਾਨਾਂ ਵੱਲੋਂ ਬਿਜਲੀ ਸਪਲਾਈ ਵਿੱਚ ਲੱਗ ਰਹੇ ਕੱਟਾਂ ਦੇ ਰੋਸ ਵਜੋਂ ਬਰਨਾਲਾ-ਸਿਰਸਾ ਰੋਡ ਜਾਮ ਕਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਬਿਜਲੀ ਮਹਿਕਮੇ ਵੱਲੋਂ ਯੂ.ਪੀ.ਐਸ. ਫੀਡਰਾਂ ਤੇ ਰੋਜਾਨਾ ਸਵੇਰੇ ਸ਼ਾਮ ਦੇ ਟਾਈਮ 2-3 ਘੰਟਿਆਂ ਦੇ ਲੰਮੇ ਕੱਟ ਲਾਏ ਜਾ ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਰੋਜਾਨਾਂ ਘਰੇਲੂ ਕੰਮਾਂ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਪੇਪਰਾਂ ਦੇ ਦਿਨ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਬੁਰਾ ਅਸਰ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਕਰਨ ਲਈ ਖੇਤੀ ਸੈਕਟਰ ਲਈ ਮੋਟਰਾਂ ਤੇ ਬਿਜਲੀ ਸਪਲਾਈ ਬਕਾਇਦਾ ਦਿਨ-ਰਾਤ ਦਾ ਸ਼ਡਿਊਲ ਬਣਾ ਕੇ ਦਿੱਤੀ ਜਾਵੇ। ਉਹਨਾਂ ਕਿਹਾ ਕਿ ਬਿਜਲੀ ਅਧਿਕਾਰੀਆਂ ਨੂੰ ਵਾਰ-ਵਾਰ ਮਿਲ ਚੁੱਕੇ ਹਾਂ ਪਰ ਸਿਵਾਏ ਗੱਲਾਂ ਦੇ ਕੋਈ ਸੁਣਵਾਈ ਨਹੀਂ ਹੋਈ। ਜਿਸ ਦੇ ਰੋਸ ਕਾਰਨ ਰੋਡ ਜਾਮ ਕਰਨਾ ਪੈ ਰਿਹਾ ਹੈ। ਕਿਸਾਨਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਵੇਂ ਬਿਜਲੀ ਥਰਮਲ ਪਲਾਂਟ ਖਰੀਦਣ ਦੇ ਦਾਅਵੇ ਕਰ ਰਹੀ ਹੈ ਪਰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਠੰਡ ਵਿੱਚ ਰੋਸ, ਧਰਨੇ ਦੇਣੇ ਪੈ ਰਹੇ ਹਨ। ਧਰਨੇ ਵਿੱਚ ਆ ਕੇ ਸੁਧੀਰ ਕੁਮਾਰ ਐਕਸੀਅਨ ਮਾਨਸਾ ਵੱਲੋਂ ਵਿਸ਼ਵਾਸ਼ ਦਿਵਾਇਆ ਕਿ ਉੱਪਰ ਅਧਿਕਾਰੀਆਂ ਨਾਲ ਗੱਲ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੱਟ ਲੱਗਣੇ ਬੰਦ ਹੋ ਜਾਣਗੇ। ਜਿਸ ਮਗਰੋਂ ਜਥੇਬੰਦੀ ਵੱਲੋਂ ਰੋਡ ਉਪਰੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਕਿਸਾਨ ਆਗੂ ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਗੁਰਦੀਪ ਸਿੰਘ ਖੋਖਰ, ਸੁਰਜੀਤ ਸਿੰਘ ਕੋਟ ਲੱਲੂ, ਸੁਖਦੇਵ ਸਿੰਘ ਬੁਰਜ ਹਰੀ ਨੇ ਵੀ ਸੰਬੋਧਨ ਕੀਤਾ ।

NO COMMENTS