*ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਮਾਨਸਾ ਸ਼ਹਿਰ ਦੇ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਦੇ ਐਕਸੀਅਨ ਨੂੰ ਮਿਲ ਕੇ ਮੰਗ ਕੀਤੀ*

0
41

ਮਾਨਸਾ 15 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਮਾਨਸਾ ਸ਼ਹਿਰ ਦੇ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਦੇ ਐਕਸੀਅਨ ਨੂੰ ਮਿਲ ਕੇ ਮੰਗ ਕੀਤੀ ਕਿ ਉਹਨਾਂ ਦੇ ਨਹਿਰੀ ਪਾਣੀ ਵਾਲੇ ਪੱਕੇ ਖਾਲ ਵਿੱਚ ਸੀਵਰੇਜ ਵਾਲਾ ਗੰਦਾ ਪਾਣੀ ਬੰਦ ਕਰਕੇ ਨਹਿਰੀ ਪਾਣੀ ਚਾਲੂ ਕੀਤਾ ਜਾਵੇ । ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਤੇ ਜਗਰਾਜ ਸਿੰਘ ਮਾਨਸਾ ਨੇ ਦੱਸਿਆ ਕਿ ਮੂਸਾ ਬਰਾਂਚ ਵਾਲੀ ਨਹਿਰ ਚੋਂ ਮਾਨਸਾ ਦੇ ਕਿਸਾਨਾਂ ਦਾ R35020 ਮੋਘਾ ਲੱਗਿਆ ਹੋਇਆ ਹੈ ਜਿਸ ਦੀ ਹੁਣ ਪਾਈਪ ਲਾਈਨ ਵੀ ਪੈ ਚੁੱਕੀ ਹੈ। ਪ੍ਰੰਤੂ ਮਾਨਸਾ ਦੇ ਸਿਵਲ ਪ੍ਰਸ਼ਾਸ਼ਨ ਵੱਲੋਂ ਨਹਿਰੀ ਮੋਘਾ ਬੰਦ ਕਰਵਾ ਕੇ ਨਹਿਰੀ ਮਹਿਕਮੇ ਦੇ ਪੱਕੇ ਖਾਲ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਬਰੀ ਛੱਡਿਆ ਜਾ ਚੁੱਕਾ ਹੈ। ਕਿਸਾਨ ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਿਸੇ ਵੀ ਕਾਨੂੰਨ ਤਹਿਤ ਨਹਿਰੀ ਮਹਿਕਮੇ ਦੇ ਬਣੇ ਪੱਕੇ ਖਾਲ ਵਿੱਚ ਸੀਵਰੇਜ ਦਾ ਗੰਦਾ ਪਾਣੀ ਨਹੀਂ ਛੱਡਿਆ ਜਾ ਸਕਦਾ ਪ੍ਰੰਤੂ ਪ੍ਰਸ਼ਾਸਨ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਜਥੇਬੰਦੀ ਵੱਲੋਂ ਇੱਕ ਵਾਰ ਕੋਲ ਖੜ੍ਹ ਕੇ ਨਹਿਰੀ ਮੋਘਾ ਚਾਲੂ ਕਰਵਾ ਦਿੱਤਾ ਗਿਆ ਹੈ । ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਵੱਲੋਂ ਮੋਘਾ ਦੁਬਾਰਾ ਬੰਦ ਕਰਨ ਦਾ ਯਤਨ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਜਗਦੇਵ ਸਿੰਘ, ਸੁਖਰਾਜ ਸਿੰਘ, ਜੋਗਿੰਦਰ ਸਿੰਘ, ਜੱਸਾ ਸਿੰਘ, ਨਾਜਰ ਸਿੰਘ, ਗੁਰਚਰਨ ਸਿੰਘ, ਦਰਸ਼ਨ ਸਿੰਘ, ਨਾਜਰ ਸਿੰਘ ਆਦਿ ਹਾਜਰ ਸਨ।

NO COMMENTS