*ਭਾਜਪਾ ਮੁੱਢ ਤੋਂ ਹੀ ਸਿੱਖਾਂ, ਕਿਸਾਨਾ ਅਤੇ ਪੰਜਾਬ ਦੇ ਖਿਲਾਫ- ਮਾਨ*

0
15

ਫਗਵਾੜਾ 01 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਪੰਜਾਬ ਦੇ ਸਪੋਕਸ ਪਰਸਨ ਹਰਜੀ ਮਾਨ ਨੇ ਭਾਜਪਾ ਆਗੂ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਵਲੋਂ ਪੰਜਾਬ ਤੇ ਪੰਜਾਬੀਆਂ ਪ੍ਰਤੀ ਕੀਤੀਆਂ ਤਿੱਖੀਆਂ ਟਿੱਪਣੀਆਂ ਦੀ ਸਖਤ ਨਖੇਦੀ ਕਰਦਿਆਂ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ  ਭਾਜਪਾ ਮੁੱਢ ਤੋਂ ਹੀ ਪੰਜਾਬ, ਸਿੱਖਾਂ ਅਤੇ ਕਿਸਾਨੀ ਦੇ ਖਿਲਾਫ ਰਹੀ ਹੈ। ਕੰਗਨਾ ਰਣੌਤ ਵਰਗੀਆਂ ਕਠਪੁਤਲੀਆਂ ਸਾਬਤ ਕਰਦੀਆਂ ਨੇ ਕਿ ਭਾਜਪਾ ਕਦੇ ਵੀ ਨਾ ਪੰਜਾਬ ਅਤੇ ਨਾ ਹੀ ਸਿੱਖ ਹਿਤੈਸ਼ੀ ਹੋ ਸਕਦੀ ਹੈ। ਉਹਨਾਂ ਅਪੀਲ ਕੀਤੀ ਕਿ ਕੰਗਣਾ ਵਲੋ ਬਣਾਈ ਭਾਈਚਾਰਕ ਸਾਂਝ ਨੂੰ ਤੋੜਨ  ਵਾਲੀ ਫਿਲਮ ‘ਐਮਰਜੇਂਸੀ’ ਨੂੰ ਪੰਜਾਬ ਵਿੱਚ ਬੈਨ ਕੀਤਾ ਜਾਵੇ। ਜਿਕਰਯੋਗ ਹੈ ਕਿ 1975 ਦੀ ਐਮਰਜੇਂਸੀ ਦੇ ਹਾਲਤ ਬਿਆਨ ਕਰਦੀ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਪਰ ਇਸ ਫਿਲਮ ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਕੁੱਝ ਜੱਥੇਬੰਦੀਆਂ ਨੇ ਫਿਲਮ ’ਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ। ਜਿਸ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਸ ਫਿਲਮ ’ਤੇ ਪਾਬੰਦੀ ਦੀ ਮੰਗ ਜੋਰ ਫੜ ਰਹੀ ਹੈ। ਹਰਜੀ ਮਾਨ ਨੇ ਕਿਹਾ ਕਿ ਇਹ ਫਿਲਮ ਜਾਣਬੁੱਝ ਕੇ ਸਿੱਖਾਂ ਦੀ ਗਲਤ ਤਸਵੀਰ ਪੇਸ਼ ਕਰਨ ਦੀ ਨੀਅਤ ਨਾਲ ਬਣਾਈ ਗਈ ਹੈ, ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਉਹਨਾਂ ਨੇ ਕਿਸਾਨ ਅੰਦੋਲਨ ‘ਚ ਬੈਠੀਆਂ ਔਰਤਾਂ ਵਿਰੋਧੀ ਟਿੱਪਣੀਆਂ ਲਈ ਵੀ ਭਾਜਪਾ ਸੰਸਦ ਮੈਂਬਰ ਕੰਗਣਾ ਵਲੋਂ ਟਵੀਟਰ ‘ਤੇ ਸਾਂਝੀ ਕੀਤੀ ਇਕ ਪੋਸਟ ਦਾ ਜਿਕਰ ਕੀਤਾ ਜਿਸ ਵਿਚ ਉਸਨੇ ਕਿਸਾਨ ਅੰਦੋਲਨ ਦੌਰਾਨ ਭਾਰਤ ਵਿੱਚ ਬੰਗਲਾਦੇਸ਼ ਵਰਗੀ ਸਥਿਤੀ ਪੈਦਾ ਹੋਣ ਅਤੇ ਕਿਸਾਨ ਅੰਦੋਲਨ ਦੌਰਾਨ ਲਟਕਦੀਆਂ ਲਾਸ਼ਾ ਅਤੇ ਬਲਾਤਕਾਰ ਹੋਣ ਦੀ ਗੱਲ ਕਹੀ ਸੀ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਉਹ ਇਕ ਮਹਿਲਾ ਹੋਣ ਦੇ ਨਾਤੇ ਕੰਗਣਾ ਦਾ ਸਨਮਾਨ ਕਰਦੇ ਹਨ, ਲੇਕਿਨ ਘੱਟ ਪੜ੍ਹੀ-ਲਿਖੀ ਹੋਣ ਕਰਕੇ ਉਸਦੀ ਸੋਚ ਸੀਮਿਤ ਜਾਪਦੀ ਹੈ। ਜੋ ਸਿਰਫ਼ ਆਪਣੇ ਬਾਰੇ ਸੋਚਦੀ ਹੈ ਜਦਕਿ ਉਸਨੂੰ ਹੋਰ ਮਹਿਲਾਵਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਬੰਗਾਲ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਔਰਤਾਂ ਤੇ ਬੱਚੀਆਂ ਨਾਲ ਹੋ ਰਹੇ ਜੁਲਮ ਦੇ ਸਵਾਲ ਤੇ ਹਰਜੀ ਮਾਨ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਮੁੱਦਾ ਹੈ, ਜਿਸਨੂੰ ਹੱਲ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ।

NO COMMENTS