ਬਠਿੰਡਾ 30,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹਾ ਬਠਿੰਡਾ ਦੇ ਡਬਵਾਲੀ ਰੋਡ ਤੇ ਬਣੇ ਏਮਜ਼ ਹਸਪਤਾਲ ਵਿੱਚ ਅੱਜ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਪੁੱਜੇ।ਇੱਥੇ ਉਨ੍ਹਾਂ ਵੱਲੋਂ ਡਾਕਟਰਾਂ ਨਾਲ ਮੀਟਿੰਗ ਕੀਤੀ ਗਈ।ਦੂਜੇ ਪਾਸੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਸ਼ਵੇਤ ਮਲਿਕ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਭਾਰੀ ਪੁਲਿਸ ਬਲ ਤਾਇਨਾਤ ਸੀ ਜਿਨ੍ਹਾਂ ਕਿਸਾਨਾਂ ਨੂੰ ਪਛਾਂਹ ਕੀਤਾ।ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵਿਵਾਦਤ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਉਹ ਸਿਆਤਸਦਾਨਾਂ ਦਾ ਇਸੇ ਤਰ੍ਹਾਂ ਨਾਲ ਵਿਰੋਧ ਕਰਦੇ ਰਹਿਣਗੇ।
ਮੀਡਿਆ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ “ਕਿਸਾਨਾਂ ਨੂੰ ਮੈਂ ਇੱਕ ਵਾਰ ਫਿਰ ਅਪੀਲ ਕਰਦਾ ਹਾਂ ਕਿ ਇਹ ਕਨੂੰਨ ਤੁਹਾਡੇ ਹੱਕ ਵਿੱਚ ਚੰਗਾ ਹੈ ਇਨ੍ਹਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਹੈ।”
ਦੂਜੇ ਪਾਸੇ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਮਲਿਕ ਨੇ ਕਿਹਾ, “ਕਾਂਗਰਸ ਪਾਰਟੀ ਦੇ ਸਾਰੇ ਲੋਕਾਂ ਨੇ ਇਸ ਕਾਨੂੰਨ ਨੂੰ ਚੰਗਾ ਦੱਸਿਆ ਸੀ। ਇੱਥੇ ਤੱਕ ਕਿ ਕੇਜਰੀਵਾਲ ਨੇ ਵੀ ਇਸਨੂੰ ਚੰਗਾ ਕਾਨੂੰਨ ਦੱਸਿਆ ਸੀ।ਸਾਡੀ ਕਿਸਾਨਾਂ ਨੂੰ ਇੱਕ ਵਾਰ ਫਿਰ ਅਪੀਲ ਹੈ।”
ਕੇਜਰੀਵਾਲ ਉੱਤੇ ਹਮਲਾ ਕਰਦੇ ਹੋਏ ਸ਼ਵੇਤ ਮਲਿਕ ਨੇ ਕਿਹਾ, “ਉਹ ਇਕ ਨੰਬਰ ਦਾ ਝੂਠਾ ਇੰਸਾਨ ਹੈ।ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਅਜਿਹਾ ਆਦਮੀ ਨਹੀਂ ਵੇਖਿਆ।ਹਮੇਸ਼ਾ ਉਸ ਨੇ ਝੂਠ ਬੋਲਿਆ ਹੈ।ਬਾਅਦ ਵਿੱਚ ਮੁਆਫੀ ਮੰਗੀ ਹੈ , ਹੁਣ ਪੰਜਾਬ ਵਿੱਚ ਦੋ ਝੂਠੇ ਬਾਜ ਆ ਗਏ ਹਨ ਪਹਿਲਾ ਕੈਪਟਨ ਅਮਰਿੰਦਰ ਸਿੰਘ , ਦੂਜਾ ਅਰਵਿੰਦ ਕੇਜਰੀਵਾਲ।”