*ਭਾਕਿਯੂ (ਏਕਤਾ) ਡਕੌਂਦਾ 3 ਨਵੰਬਰ ਨੂੰ ਕਰੇਗੀ ਡੀਐਸਪੀ ਦਫ਼ਤਰ ਬੁਢਲਾਡਾ ਦਾ ਘਿਰਾਓ*

0
12

ਮਾਨਸਾ 27 ਅਕਤੂਬਰ  (ਸਾਰਾ ਯਹਾਂ/ਬੀਰਬਲ ਧਾਲੀਵਾਲ):ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜਿਲਾ ਮਾਨਸਾ ਦੀ ਮੀਟਿੰਗ ਬਾਲ ਭਵਨ ਵਿਖੇ ਕੀਤੀ ਗਈ । ਜਿਸ ਵਿੱਚ ਜਿਲੇ ਦੇ ਪਿੰਡ ਕੁਲਰੀਆਂ ਵਿੱਚ ਚੱਲ ਰਹੇ ਜ਼ਮੀਨੀ ਮਸਲੇ ਨੂੰ ਲੈ ਕੇ ਸਰਪੰਚ ਧਿਰ ਵੱਲੋਂ ਕਿਸਾਨਾਂ ਉੱਤੇ ਗੱਡੀਆਂ ਚੜ੍ਹਾ ਕੇ ਜ਼ਖਮੀ ਕਰਨ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਥੇਬੰਦੀ ਵੱਲੋਂ 3 ਨਵੰਬਰ ਨੂੰ ਡੀਐਸਪੀ ਦਫ਼ਤਰ ਬੁਢਲਾਡਾ ਦੇ ਕੀਤੇ ਜਾ ਰਹੇ ਘਿਰਾਓ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਵਰਨਣਯੋਗ ਹੈ ਕਿ ਲੰਘੀ 23 ਅਕਤੂਬਰ ਨੂੰ ਪਿੰਡ ਕੁਲਰੀਆਂ ਵਿੱਚ ਜ਼ਮੀਨ ਦੇ ਕਾਸ਼ਤਕਾਰ ਕਿਸਾਨਾਂ ਉੱਤੇ ਸਰਪੰਚ ਰਾਜਵੀਰ ਨੇ ਪੰਜ ਗੱਡੀਆਂ ਭਰ ਕੇ ਲਿਆਂਦੇ ਬਾਹਰੋਂ ਹਥਿਆਰਾਂ ਸਮੇਤ ਵਿਅਕਤੀਆਂ ਨਾਲ ਹਮਲਾ ਕੀਤਾ ਸੀ ਅਤੇ ਯੂਪੀ ਦੇ ਲਖੀਮਪੁਰ ਕਾਂਡ ਦੀ ਤਰਜ ‘ਤੇ ਗੱਡੀਆਂ ਨਾਲ ਦਰੜ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ । ਪ੍ਰੰਤੂ ਹਲਕਾ ਵਿਧਾਇਕ ਬੁੱਧ ਰਾਮ ਦੀ ਸਹਿ ‘ਤੇ ਪੁਲਿਸ ਪ੍ਰਸ਼ਾਸਨ ਵੱਲੋੰ ਇੱਕ ਤਰਫਾ ਕਾਰਵਾਈ ਕਰਦੇ ਹੋਏ ਸਰਪੰਚ ਦੇ ਬਿਆਨ ‘ਤੇ ਹੀ ਕਿਸਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ ਜਦੋਂ ਕਿ ਉਸ ਧਿਰ ਦੇ ਕਿਸੇ ਵਿਅਕਤੀ ਦੇ ਝਰੀਟ ਤੱਕ ਨਹੀ ਆਈ ਪਰ ਦੂਜੇ ਪਾਸੇ ਕਿਸਾਨ ਸੀਤਾ ਸਿੰਘ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਹੈ । ਇਸ ਘਟਨਾ ਪਿੱਛੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਤੋਂ ਜਬਰੀ 71 ਏਕੜ ਜ਼ਮੀਨ ਜਿਸ ‘ਤੇ ਕਿਸਾਨ ਜੱਦੀ ਪੁਸ਼ਤੀ ਕਾਬਜ਼ ਹਨ, ਜੋ ਕਿ ਮੁਰੱਬਾਬੰਦੀ ਵਿਭਾਗ ਵੱਲੋਂ ਤਕਸੀਮ ਕੀਤੀ ਹੋਈ ਜ਼ਮੀਨ ਹੈ, ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ । ਅੱਜ ਦੀ ਮੀਟਿੰਗ ਵਿੱਚ ਵਿਸ਼ੇਸ ਤੌਰ ‘ਤੇ ਸੰਬੋਧਨ ਕਰਨ ਲਈ ਪੁੱਜੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੀਜੇਪੀ ਦੀ ਕੇਂਦਰ ਦੀ ਸਰਕਾਰ ਵਾਂਗ ਕਾਰਪੋਰੇਟ ਪੱਖੀ ਨੀਤੀਆਂ ਉੱਤੇ ਪਹਿਰਾ ਦਿੰਦੇ ਹੋਏ, ਉਸ ਨਾਲੋਂ ਦੋ ਕਦਮ ਅੱਗੇ ਹੋ ਕੇ ਕਿਸਾਨਾਂ ਨੂੰ ਜ਼ਮੀਨ ਤੋਂ ਵਾਂਝੇ ਕਰਨਾ ਚਾਹੁੰਦੀ ਹੈ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਹਰ ਕੁਰਬਾਨੀ ਕਰਕੇ ਵੀ ਜ਼ਮੀਨਾਂ ਦੀ ਰਾਖੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਹੋਂਦ ਵਿੱਚ ਆਈ ਸਰਕਾਰ ਪੁਲਿਸ ਪ੍ਰਸ਼ਾਸਨ ਨੂੰ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਵਰਤ ਰਹੀ ਹੈ ਜੋ ਕਦਾਚਿੱਤ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ । ਮੀਟਿੰਗ ਵਿੱਚ ਜਿਲਾ ਕਮੇਟੀ ਦੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਜਨਰਲ ਸਕੱਤਰ ਬਲਵਿੰਦਰ ਸ਼ਰਮਾਂ, ਖਜ਼ਾਨਚੀ ਦੇਵੀ ਰਾਮ, ਮੀਤ ਪਰਧਾਨ ਬਲਕਾਰ ਸਿੰਘ ਚਹਿਲਾਂਵਾਲੀ, ਬਲਾਕ ਪ੍ਰਧਾਨ ਬੁਢਲਾਡਾ ਸੱਤਪਾਲ ਸਿੰਘ ਵਰ੍ਹੇ, ਤਰਨਦੀਪ ਸਿੰਘ ਮੰਦਰਾਂ, ਮਾਨਸਾ ਦੇ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ, ਖਜ਼ਾਨਚੀ ਚੇਤ ਸਿੰਧ ਚਕੇਰੀਆਂ, ਭੀਖੀ ਬਲਾਕ ਪ੍ਰਧਾਨ ਜਸਵੀਰ ਸਿੰਘ ਰੱਲਾ, ਮੀਤ ਪ੍ਰਧਾਨ ਗੁਰਚਰਨ ਸਿੰਘ ਅਲੀਸ਼ੇਰ, ਝੁਨੀਰ ਬਲਾਕ ਪਰਧਾਨ ਗੁਰਚਰਨ ਸਿੰਘ ਉੱਲਕ, ਸੰਗਠਨ ਸਕੱਤਰ ਮਿੱਠੂ ਸਿੰਘ ਪੇਰੋਂ ਆਦਿ ਸਮੇਤ ਪਾਲਾ ਸਿੰਘ, ਕੁਲਦੀਪ ਸਿੰਘ ਕੁਲਰੀਆਂ ਹਾਜ਼ਰ ਸਨ । ਆਗੂਆਂ ਨੇ ਕਿਹਾ ਕਿ ਧਰਨੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਣਗੇ । ਅੰਤ ਵਿੱਚ ਆਗੂਆਂ ਨੇ ਇਸ ਜਬਰ ਘਟਨਾ ਦੇ ਵਿਰੋਧ ਵਿੱਚ ਸਮੂਹ ਇਨਸਾਫ਼ ਪਸੰਦ ਲੋਕਾਂ ਅਤੇ ਜਨਤਕ ਜਥੇਬੰਦੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ।

NO COMMENTS