ਮਾਨਸਾ 3 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ): ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਜਿਲਾ ਪੱਧਰੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਨੌਵੀਂ ਬੁਢਲਾਡਾ ਵਿਖੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸਮੁੱਚੀ ਜਿਲਾ ਕਮੇਟੀ ਸਮੇਤ 5 ਬਲਾਕਾਂ ਦੇ ਆਹੁੱਦੇਦਾਰਾਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਵਿੱਚ ਭਖਦੇ ਮਸਲਿਆਂ ਉੱਤੇ ਵਿਚਾਰ ਕਰਨ ਉਪਰੰਤ ਪਿੰਡ ਕੁਲਰੀਆਂ ਦੇ ਕਾਸ਼ਤਕਾਰਾਂ ਦੀ ਜਮੀਨੀ ਬੇਦਖਲੀ ਦੀਆਂ ਕੋਸ਼ਿਸਾਂ ਵਿਰੁੱਧ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸੀਨੀਅਰ ਸੁਪਰਡੈਂਟ ਪੁਲਿਸ ਦਫ਼ਤਰ ਮਾਨਸਾ ਵਿਖੇ 7 ਜੁਲਾਈ ਨੂੰ ਵਿਸ਼ਾਲ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਇਸ ਪਿੰਡ ਦੀ ਬੱਚਤ ਦੀ ਜਮੀਨ ‘ਤੇ ਪੀੜੀਦਰ-ਪੀੜੀ ਕਬਜੇ ਅਨੁਸਾਰ ਕਾਸ਼ਤ ਕਰਦੇ ਆ ਰਹੇ ਕਿਸਾਨਾਂ ਦੇ ਰਿਕਾਰਡ ਵਿੱਚ ਛੇੜਛਾੜ ਕਰਕੇ ਮਾਲ ਅਧਿਕਾਰੀਆਂ ਵੱਲੋਂ ਗਿਰਦਾਵਰੀਆਂ ਤੋੜੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਦੇ ਕਬਜੇ ਵਾਲੀ ਜਮੀਨ ਦੀ ਡੰਮੀ ਬੋਲੀ ਦਿਖਾ ਕੇ ਭੂੰ ਮਾਫ਼ੀਆ ਦਾ ਕਬਜਾ ਕਰਵਾਉਣ ਦੀਆਂ ਕੋਸ਼ਿਸਾਂ ਬੰਦ ਨਹੀ ਕੀਤੀਆਂ ਗਈਆਂ, ਉਲਟਾ ਕੁੱਝ ਕਿਸਾਨਾਂ ਦੀ ਬੀਜੀ ਫਸਲ ਵੀ ਨਸ਼ਟ ਕੀਤੀ ਗਈ ਅਤੇ ਪਰਵਾਸੀ ਮਜ਼ਦੂਰਾਂ ਦੀ ਕੁੱਟਮਾਰ ਅਤੇ ਖੇਤੀ ਮੋਟਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ । ਇਸ ਗੁੰਡਾਗਰਦੀ ਨੂੰ ਪੁਲਿਸ ਪ੍ਰਸ਼ਾਸਨ ਨੱਥ ਪਾਉਣ ਤੋਂ ਸਰਕਾਰੀ ਦਬਾਅ ਹੇਠ ਟਾਲਮਟੋਲ ਕਰ ਰਿਹਾ ਹੈ । ਅਜਿਹੇ ਵਰਤਾਰੇ ਨੂੰ ਰੋਕਣ ਅਤੇ ਕਿਸਾਨਾਂ ਨੂੰ ਇਨਸਾਫ਼ ਦਵਾਉਣ ਅਤੇ ਉਨ੍ਹਾਂ ਦਾ ਕਬਜਾ ਬਾ ਦਸ਼ਤੂਰ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਜਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਇਹ ਅੰਦੋਲਨ ਉਲੀਕਿਆ ਗਿਆ ਹੈ । ਇਹ ਸੰਘਰਸ਼ ਉਨ੍ਹਾਂ ਦੇਵ ਜਾਰੀ ਰਹੇਗਾ ਜਿੰਨੀ ਦੇਰ ਤੱਕ ਮੰਗਾਂ ਦੀ ਪੂਰਤੀ ਨਹੀ ਕੀਤੀ ਜਾਂਦੀ । ਇਸ 7 ਜੁਲਾਈ ਦੇ ਜਿਲ੍ਹਾ ਪੱਧਰੀ ਵਿਸ਼ਾਲ ਧਰਨੇ ਨੂੰ ਸੂਬਾ ਕਮੇਟੀ ਜੇ ਆਗੂ ਸੰਬੋਧਨ ਕਰਨ ਪਹੁੰਚ ਰਹੇ ਹਨ। ਇੱਕ ਵੱਖਰੇ ਮਤੇ ਰਾਹੀਂ ਬੇਮੌਸਮੀਂ ਬਰਸਾਤ ਅਤੇ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਜਾ ਅਜੇ ਤੱਕ ਬਣਦਾ ਮੁਆਵਜਾ ਜਾਰੀ ਨਾ ਕਰਨਾ ਅਤੇ ਉਲਟਾ ਮੁਆਵਜੇ ਦੀ ਮੰਗ ਕਰ ਰਹੇ ਕਿਸਾਨਾਂ ‘ਤੇ ਪੁਲਿਸ ਜਬਰ ਕਰਵਾਉਣ ਲਈ ਆਮ ਆਦਮੀ ਪਾਰਟੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਆਗੂਆਂ ਨੇ ਕਿਹਾ ਕਿ ਕਿਸਾਨਾਂ ਅਤੇ ਅਧਿਆਪਕਾਂ ਉੱਤੇ ਹੋਏ ਤਸ਼ੱਦਦ ਕਾਰਨ ਬਦਲਾਅ ਵਾਲੀ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ । ਪੰਜ ਮਿੰਟਾਂ ਵਿੱਚ ਸਾਰੀਆਂ ਫਸਲਾਂ ਉੱਤੇ ਐਮ ਐਸ ਪੀ ਜਾਰੀ ਕਰਨ ਵਾਲੀ ਸਰਕਾਰ ਮੂੰਗੀ ਅਤੇ ਮੱਕੀ ਸਮੇਤ ਹੋਰ ਫਸਲਾਂ ਦੀ ਖਰੀਦ ਨੂੰ ਪ੍ਰਾਈਵੇਟ ਵਪਾਰੀਆਂ ਨੂੰ ਕੌਡੀਆਂ ਦੇ ਭਾਅ ਲੁਟਾ ਰਹੀ ਹੈ । ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆਂ ਫਸਲਾਂ ਨੂੰ ਫੌਰੀ ਤੌਰ ‘ਤੇ ਸਰਕਾਰ ਸਮਰਥਨ ਮੁੱਲ ਉੱਤੇ ਖਰੀਦਣ ਦਾ ਪ੍ਰਬੰਧ ਕਰੇ ।