ਬੁਢਲਾਡਾ 13 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):
ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਤਿੰਨ ਦਿਨਾਂ ਧਰਨੇ ਦੇ ਆਖਰੀ ਦਿਨ ਭਾਰੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਧਰਨੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ -ਮਜ਼ਦੂਰਾਂ ਨੇ ਭਾਗ ਲਿਆ ਅਤੇ ਲੰਬਾ ਸਮਾਂ ਧਰਨਾ ਪ੍ਰਦਰਸ਼ਨ ਵਿੱਚ ਬੁਲਾਰਿਆਂ ਨੇ ਬੋਲਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਤਿੰਨ ਦਿਨਾਂ ਧਰਨਾ ਪ੍ਰਦਰਸ਼ਨ ਦੇ ਬਾਵਜੂਦ ਵੀ ਸਰਕਾਰ ਦੇ ਕੰਨ ਉੱਤੇ ਕੋਈ ਜੂੰ ਨਹੀ ਸਰਕੀ ਕਿਉਂਕਿ ਹੜ੍ਹਾਂ ਨਾਲ ਪੀੜਤ ਕਿਸਾਨ ਆਪਣੀਆਂ ਬਰਬਾਦ ਹੋਈਆਂ ਫਸਲਾਂ ਦੇ ਮੁਆਵਜ਼ੇ ਅਤੇ ਖਰਾਬ ਹੋਈਆਂ ਜ਼ਮੀਨਾਂ ਨੂੰ ਮੁੜ ਤੋਂ ਪੱਧਰਾ ਕਰਕੇ ਫਿਰ ਤੋਂ ਬਿਜਾਈ ਦੀ ਉਡੀਕ ਕਰ ਰਹੇ ਹਨ । ਪ੍ਰੰਤੂ ਸੂਬਾ ਸਰਕਾਰ ਲੋਕਾਂ ਨੂੰ ਆਪ ਮੁਹਾਰੇ ਛੱਡ ਕੇ ਸੁੱਤੀ ਪਈ ਹੈ । ਕੇਂਦਰ ਦੀ ਸਰਕਾਰ ਨੇ ਜੋ ਇਸ ਕੁਦਰਤੀ ਆਫ਼ਤ ਮੌਕੇ ਸੂਬਿਆਂ ਦੀ ਮੱਦਦ ਕਰਨੀ ਸੀ, ਉਸਨੇ ਵੀ ਹੱਥ ਪਿਛਾਂਹ ਖਿੱਚਿਆ ਹੋਇਆ ਹੈ । ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਪੀੜਿਤ ਕਿਸਾਨਾਂ ਦੇ ਨੁਕਸਾਨ ਲਈ ਸੱਤਰ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਬਰਬਾਦ ਹੋਈਆਂ ਜ਼ਮੀਨਾਂ ਨੂੰ ਮੁੜ ਸੁਰਜੀਤ ਕਰਨ ਲਈ ਤਿੰਨ ਲੱਖ ਰੁਪਏ ਪ੍ਰਤੀ ਏਕੜ ਅਤੇ ਹੜ੍ਹਾਂ ਕਾਰਨ ਹੋਈਆਂ ਅਣਆਈਆਂ ਮੌਤਾਂ ਲਈ ਦਸ ਲੱਖ ਰੁਪਏ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਅਤੇ ਇਸੇ ਤਰੀਕੇ ਨਾਲ ਹੜ੍ਹਾਂ ਨਾਲ ਹੋਏ ਪਸ਼ੂਆਂ ਦੇ ਨੁਕਸਾਨ ਦਾ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦੀ ਮੰਗ ਕੀਤੀ ਗਈ । ਸੋ ਕਿਸਾਨਾਂ ਨੇ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੇ ਦਫ਼ਤਰ ਦੇ ਸਾਹਮਣੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਸੌਂਪਿਆ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਸ ਕੁਦਰਤੀ ਆਫ਼ਤ ਮੌਕੇ ਕਿਸਾਨਾਂ-ਮਜ਼ਦੂਰਾਂ ਦੀ ਬਾਂਹ ਨਾ ਫੜ੍ਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਸਾਰੇ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਉਤਰਨਗੇ । ਇਸੇ ਦੌਰਾਨ ਇਲਾਕੇ ਦੇ ਪਿੰਡ ਕੁਲਰੀਆਂ ਵਿੱਚ ਅਬਾਦਕਾਰ ਕਿਸਾਨਾਂ ਤੋਂ ਜੋ ਪੰਜਾਬ ਸਰਕਾਰ ਦੀ ਸਹਿ ਉੱਤੇ, ਪੰਚਾਇਤੀ ਵਿਭਾਗ ਧੱਕੇਸ਼ਾਹੀ ਨਾਲ ਜ਼ਮੀਨਾਂ ਖੋਹ ਰਿਹਾ ਹੈ । ਉਸਦੇ ਖ਼ਿਲਾਫ਼ ਵੀ ਇੱਕ ਮੰਗ ਪੱਤਰ ਵਿਧਾਇਕ ਦੇ ਨੁਮਾਇੰਦਿਆਂ ਨੂੰ ਸੌਂਪਿਆ ਗਿਆ ਅਤੇ ਕਿਸਾਨਾਂ ਉੱਤੇ ਪਾਏ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਸਮੇਤ ਬਲਵਿੰਦਰ ਸ਼ਰਮਾਂ, ਦੇਵੀ ਰਾਮ, ਬਲਕਾਰ ਸਿੰਘ ਚਹਿਲਾਂਵਾਲੀ, ਜਗਦੇਵ ਸਿੰਘ ਕੋਟਲੀ, ਬਲਜੀਤ ਸਿੰਘ ਭੈਣੀ ਬਾਘਾ, ਸੱਤਪਾਲ ਸਿੰਘ ਵਰੇ, ਗੁਰਚਰਨ ਸਿੰਘ ਉੱਲਕ, ਲੀਲਾ ਮੂਸਾ, ਗੁਰਚਰਨ ਸਿੰਘ ਅਲੀਸ਼ੇਰ, ਕਾਲਾ ਸਿੰਘ ਅਕਲੀਆ, ਪੱਪੀ ਮੰਦਰਾਂ, ਤਾਰਾ ਚੰਦ ਬਰੇਟਾ, ਹਰਬੰਸ ਸਿੰਘ ਟਾਂਡੀਆਂ, ਰਾਣੀ ਕੌਰ ਭੈਣੀ ਬਾਘਾ, ਹਰਬੰਸ ਕੌਰ ਕੁਲਰੀਆਂ, ਪਰਵਿੰਦਰ ਝੋਟਾ ਸਮੇਤ ਰਾਜਵਿੰਦਰ ਰਾਣਾ ਆਦਿ ਨੇ ਸੰਬੋਧਨ ਕੀਤਾ ।