*ਭਾਕਿਯੂ (ਏਕਤਾ) ਡਕੌਂਦਾ ਵੱਲੋਂ ਬੁਢਲਾਡਾ ਅਤੇ ਮਾਨਸਾ ਬਲਾਕ ਵਿੱਚ ਜਾਗਰੂਕ ਰੈਲੀਆਂ ਕੀਤੀਆਂ*

0
13

ਮਾਨਸਾ 16 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਸਦੀ ਅਗਵਾਈ ਮਨਜੀਤ ਸਿੰਘ ਧਨੇਰ ਕਰ ਰਹੇ ਹਨ, ਵੱਲੋਂ ਅੱਜ ਤੀਸਰੇ ਦਿਨ ਵੀ “ਜ਼ਮੀਨ ਬਚਾਓ ਮੋਰਚੇ” ਤਹਿਤ ਕੁਲਰੀਆਂ ਪਿੰਡ ਦੇ ਆਬਾਦਕਾਰ ਕਿਸਾਨਾਂ ਨੂੰ ਇਨਸਾਫ਼ ਦਵਾਉਣ ਲਈ ਪਿੰਡਾਂ ਵਿੱਚ ਰੈਲੀਆਂ ਦਾ ਸਿਲਸਿਲਾ ਜਾਰੀ ਰਿਹਾ । ਅੱਜ ਬਲਾਕ ਬੁਢਲਾਡਾ ਅਤੇ ਮਾਨਸਾ ਦੇ ਪਿੰਡਾਂ ਜਲਵੇੜਾ, ਧਰਮਪੁਰਾ, ਸਸਪਾਲੀ, ਮਘਾਣੀਆਂ, ਗੰਡੂ ਕਲਾਂ, ਗੰਡੂ ਖੁਰਦ, ਤਾਲਵਾਲਾ, ਖੜਕ ਸਿੰਘ ਵਾਲਾ, ਪਿੱਪਲੀਆਂ, ਹਾਕਮਵਾਲਾ, ਗਾਮੀਵਾਲਾ, ਵਰ੍ਹੇ, ਅਹਿਮਦਪੁਰ ਅਤੇ ਮੂਸਾ ਆਦਿ ਪਿੰਡਾਂ ਵਿੱਚ ਵਿਸ਼ਾਲ ਮੀਟਿੰਗਾਂ ਤੇ ਰੈਲੀਆਂ ਕੀਤੀਆਂ ਗਈਆਂ । 

               ਅੱਜ ਦੀਆਂ ਰੈਲੀਆਂ ਦੀ ਅਗਵਾਈ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਜਿਲਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ ਅਤੇ ਵਿੱਤ ਸਕੱਤਰ ਦੇਵੀ ਰਾਮ ਰੰਘੜਿਆਲ ਨੇ ਕੀਤੀ । ਅੱਜ ਦੀਆਂ ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਜਗਦੇਵ ਸਿੰਘ ਕੋਟਲੀ, ਬਲਵਿੰਦਰ ਸ਼ਰਮਾਂ, ਮੇਲਾ ਸਿੰਘ ਦਿਆਲਪੁਰਾ, ਵਸਾਵਾ ਸਿੰਘ ਧਰਮਪੁਰਾ, ਗੁਰਮੇਲ ਸਿੰਘ ਜਲਵੇੜਾ, ਪਾਲਾ ਸਿੰਘ ਕੁਲਰੀਆਂ, ਬਲਦੇਵ ਸਿੰਘ ਪਿੱਪਲੀਆਂ, ਬਲਜੀਤ ਸਿੰਘ ਭੈਣੀ ਬਾਘਾ ਅਤੇ ਜਗਜੀਵਨ ਸਿੰਘ ਹਸਨਪੁਰ ਆਦਿ ਆਗੂਆਂ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨੀ ਅਤੇ ਖੇਤੀ ਧੰਦੇ ਨੂੰ ਬਚਾਉਣ ਲਈ ਜ਼ਮੀਨ ਮੁੱਖ ਮੁੱਦਾ ਹੈ ਅਤੇ ਜ਼ਮੀਨਾਂ ਬਚਾਉਣ ਲਈ ਲੜਾਈ ਜਥੇਬੰਦੀਆਂ ਦੇ ਸੰਘਰਸ਼ ਦਾ ਕੇਂਦਰੀ ਨੁਕਤਾ ਬਣਦੀ ਹੈ । ਇਸ ਕਰਕੇ ਜਥੇਬੰਦੀ ਵੱਲੋਂ ਜ਼ਮੀਨ ਦੇ ਮਸਲੇ ‘ਤੇ ਜਿੱਥੇ ਆਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਸੰਘਰਸ਼ ਲੜਿਆ ਜਾ ਰਿਹਾ ਹੈ, ਉੱਥੇ ਹੀ ਸਰਕਾਰ ਵੱਲੋਂ ਕਿਸਾਨਾਂ ਤੋਂ ਜ਼ਮੀਨਾਂ ਹਥਿਆ ਕੇ ਵੱਖ-ਵੱਖ ਢੰਗਾਂ ਨਾਲ ਕਾਰਪੋਰੇਟਾਂ ਅਤੇ ਪੂੰਜੀਪਤੀਆਂ ਦੇ ਹਵਾਲੇ ਕਰਨ ਦੀ ਨੀਤੀ ਤਹਿਤ ਜੋ ਹਥਕੰਡੇ ਵਰਤੇ ਜਾ ਰਹੇ ਹਨ, ਉਹਨਾਂ ਦਾ ਮੂੰਹ ਤੋੜਵਾਂ ਜਵਾਬ ਵੀ ਦਿੱਤਾ ਜਾ ਰਿਹਾ ਹੈ ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਤੀ ਕਿੱਤਾ ਬਚਾਉਣ ਲਈ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 

              ਬੁਲਾਰਿਆਂ ਨੇ ਜ਼ਿਲਾ ਪ੍ਰਸ਼ਾਸਨ ਮਾਨਸਾ ਦੇ ਟਾਲ-ਮਟੋਲ ਦੇ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਸਾਨਾਂ ਤੇ ਪਾਏ ਝੂਠੇ ਕੇਸ ਵਾਪਸ ਨਾ ਲੈ ਕੇ ਪ੍ਰਸ਼ਾਸਨ, ਭਗਵੰਤ ਮਾਨ ਦੀ ਸਰਕਾਰ ਅਤੇ ਉਸਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਦੀ ਸਖ਼ਤ ਆਲੋਚਨਾ ਕੀਤੀ ਗਈ । ਜਿਨਾਂ ਤੇ ਦਖਲਅੰਦਾਜੀ ਕਰਕੇ ਕੁਲਰੀਆਂ ਦੇ ਆਬਾਦਕਾਰ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ । ਪਿੰਡਾਂ ਵਿੱਚ ਲਾਮਬੰਦੀ ਕਰਦਿਆਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ 20 ਸਤੰਬਰ ਤੋਂ ਕੁਲਰੀਆਂ ਵਿਖੇ ਜ਼ਮੀਨ ਬਚਾਓ ਮੋਰਚੇ ਦੇ ਵੱਖ-ਵੱਖ ਪੜਾਵਾਂ ਵਿੱਚ ਪੁੱਜ ਰਹੇ ਕਾਫਲਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ । ਅੱਜ ਦੀਆਂ ਮੀਟਿੰਗਾਂ ਦੇ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਤਾਲਵਾਲਾ, ਗੁਰਜੰਟ ਸਿੰਘ ਮੰਘਾਣੀਆਂ, ਬਲਦੇਵ ਸਿੰਘ ਧਰਮਪੁਰਾ, ਗੁਰਪ੍ਰੀਤ ਸਿੰਘ ਕੁਲਰੀਆਂ, ਸਿੰਦਰ ਸਿੰਘ, ਜਸਵਿੰਦਰ ਸਿੰਘ ਖੜਕ ਸਿੰਘ ਵਾਲਾ, ਸੁਖਦੇਵ ਸਿੰਘ ਮੂਸਾ, ਸਤਿਨਾਮ ਸਿੰਘ ਕਿਸ਼ਨਗੜ੍ਹ ਆਦਿ ਆਗੂ ਵੀ ਹਾਜ਼ਰ ਸਨ ।

NO COMMENTS