*ਭਾਕਿਯੂ (ਏਕਤਾ) ਡਕੌਂਦਾ ਵੱਲੋਂ ਬਲਾਕ ਮਾਨਸਾ ਤੇ ਭੀਖੀ ਦੀ ਸਾਂਝੀ ਮੀਟਿੰਗ ਕਰਵਾਈ*

0
30

ਮਾਨਸਾ 7 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਬਲਾਕ ਮਾਨਸਾ ਅਤੇ ਭੀਖੀ ਦੀ ਮੀਟਿੰਗ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਅਤੇ ਜਸਵੀਰ ਸਿੰਘ ਬਸੀਰਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਮੀਟਿੰਗ ਵਿੱਚ ਜ਼ਮੀਨ ਬਚਾਓ ਮੋਰਚੇ ਨੂੰ ਤੇਜ਼ ਕਰਨ ਲਈ ਆਉਂਦੀ 20 ਸਤੰਬਰ ਤੋਂ ਪਿੰਡ ਕੁੱਲਰੀਆਂ ਵਿੱਚ ਚੱਲ ਰਹੇ ਆਬਾਦਕਾਰ ਕਿਸਾਨਾਂ ਦੇ ਜਮੀਨੀ ਘੋਲ ਵਿੱਚ ਪੜਾਵਾਰ ਸੰਘਰਸ਼ ਦਾ ਪ੍ਰੋਗਰਾਮ ਸੂਬਾ ਪੱਧਰੀ ਫੈਸਲੇ ਅਨੁਸਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ । ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਪਿੰਡ ਕੁੱਲਰੀਆਂ ਦਾ ਮੋਰਚਾ ਉਨਾ ਸਮਾਂ ਚੱਲਦਾ ਰਹੇਗਾ, ਜਿੰਨਾ ਸਮਾਂ ਸਰਕਾਰ ਅਤੇ ਪ੍ਰਸ਼ਾਸਨ ਮਸਲੇ ਨੂੰ ਪੂਰਾ ਹੱਲ ਨਹੀਂ ਕਰ ਲੈਂਦਾ । ਉਹਨਾਂ ਕਿਹਾ ਕਿ ਕਿਸਾਨਾਂ ਦੀ ਜਮੀਨ ਦੀ ਰਾਖੀ ਕਰਨ ਲਈ ਜਥੇਬੰਦੀ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਦੇਣ ਲਈ ਤਿਆਰ ਹੈ । ਮੀਟਿੰਗ ਵਿੱਚ “ਜਮੀਨ ਬਚਾਓ ਮੋਰਚੇ” ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 14ਵੀਂ ਬਰਸੀ ਸੂਬਾ ਪੱਧਰ ਤੇ ਮਨਾਉਣ ਦਾ ਵੀ ਮਤਾ ਪਾਸ ਕੀਤਾ ਗਿਆ । ਉਹਨਾਂ ਕਿਹਾ ਕਿ ਪਿਰਥੀਪਾਲ ਸਿੰਘ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਂਦੇ ਹੋਏ ਜ਼ਮੀਨੀ ਘੋਲ ਨੂੰ ਆਉਂਦੇ ਦਿਨਾਂ ਵਿੱਚ ਹੋਰ ਤੇਜ਼ ਕੀਤਾ ਜਾਵੇਗਾ । ਪਾਸ ਮਤੇ ਵਿੱਚ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਉੱਤੇ ਵਧਾਏ ਵੈਟ ਅਤੇ ਘਰੇਲੂ ਖਪਤਕਾਰਾਂ ਦੀਆਂ ਬਿਜਲੀ ਸਬਸਿਡੀਆਂ ਉੱਤੇ ਲਗਾਏ ਕੱਟਾਂ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ । ਇਸ ਮੌਕੇ ਸੂਬਾ ਕਮੇਟੀ ਦੇ ਮੱਖਣ ਸਿੰਘ ਭੈਣੀ ਬਾਘਾ, ਜ਼ਿਲ੍ਹਾ ਕਮੇਟੀ ਦੇ ਲਖਵੀਰ ਸਿੰਘ ਅਕਲੀਆ, ਬਲਵਿੰਦਰ ਸ਼ਰਮਾ, ਜਗਦੇਵ ਸਿੰਘ ਕੋਟਲੀ, ਗੁਰਚਰਨ ਸਿੰਘ ਅਲੀਸ਼ੇਰ ਸਮੇਤ ਬਲਾਕ ਕਮੇਟੀਆਂ ਅਤੇ ਪਿੰਡ ਕਮੇਟੀਆਂ ਨੇ ਸ਼ਮੂਲੀਅਤ ਕੀਤੀ ।

NO COMMENTS