*ਭਾਕਿਯੂ (ਏਕਤਾ) ਡਕੌਂਦਾ ਵੱਲੋਂ ਖੇਤੀ ਮੰਤਰੀ ਅਤੇ ਲੋਕ ਸਭਾ ਉਮੀਦਵਾਰ ਗੁਰਮੀਤ ਖੁੱਡੀਆਂ ਨੂੰ ਕੀਤੇ ਤਿੱਖੇ ਸਵਾਲ* 

0
93

ਮਾਨਸਾ 22 ਅਪ੍ਰੈੱਲ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੋਟਾਂ ਮੰਗਣ ਆਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਦੀ ਜਿਲਾ ਕਮੇਟੀ ਮਾਨਸਾ ਵੱਲੋਂ ਸਖਤ ਸਵਾਲ ਕੀਤੇ ਗਏ । ਜਿੰਨਾਂ ਵਿੱਚ ਪਿੰਡ ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ਦਾ ਮਸਲਾ, ਬੀਤੇ ਦਿਨੀਂ ਕਾਰਪੋਰੇਟ ਪੱਖੀ ਨੀਤੀਆਂ ਦੇ ਸੰਬੰਧਤ ਸਾਇਲੋ ਨੂੰ ਦਿੱਤੀ ਮਾਨਤਾ, ਵਾਰ ਵਾਰ ਹੋਈ ਫਸਲੀ ਮਾਰ ਦਾ ਮੁਆਵਜਾ ਨਾ ਦੇਣਾ ਆਦਿ ਮੁੱਖ ਤੌਰ ‘ਤੇ ਰੱਖੇ ਗਏ । 

             ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜਿਲਾ ਮਾਨਸਾ ਦੇ ਪਿੰਡ ਕੁਲਰੀਆਂ ਦਾ ਜ਼ਮੀਨੀ ਮਸਲਾ ਪਿਛਲੇ ਇੱਕ ਸਾਲ ਤੋਂ ਲਟਕ ਰਿਹਾ ਹੈ । ਜਿਸ ਵਿੱਚ ਮੁੱਖ ਤੌਰ ‘ਤੇ ਆਪ ਪਾਰਟੀ ਦਾ ਸੂਬਾ ਪ੍ਰਧਾਨ ਪ੍ਰਿਸੀਪਲ ਬੁੱਧ ਰਾਮ, ਜਿਲਾ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਬਿਨਾ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਦੀ ਜਾਲਸਾਜ਼ੀ ਕੀਤੀ ਗਈ । ਜਥੇਬੰਦੀ ਵੱਲੋਂ ਇਸ ਹੱਲੇ ਦਾ ਵਿਰੋਧ ਕੀਤਾ ਗਿਆ ਅਤੇ ਡੀਐਸ ਪੀ ਦਫ਼ਤਰ ਅੱਗੇ ਕਰੀਬ ਤਿੰਨ ਮਹੀਨੇ ਪੱਕਾ ਧਰਨਾ ਦਿੱਤਾ ਗਿਆ । ਜਿਸ ਉੱਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਮਾਨਸਾ ਜਿਲਾ ਪ੍ਰਸ਼ਾਸਨ ਵੱਲੋਂ ਕਈ ਵਾਰ ਜਥੇਬੰਦੀ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ । ਪ੍ਰਸ਼ਾਸਨ ਦੇ ਭਰੋਸੇ ਉੱਤੇ ਹੀ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਲੱਗੇ ਪੱਕੇ ਮੋਰਚੇ ਨੂੰ 2 ਅਪ੍ਰੈੱਲ ਨੂੰ ਮੁਲਤਵੀ ਕੀਤਾ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਮਸਲੇ ਦੇ ਹੱਲ ਲਈ ਕੋਈ ਯਤਨ ਨਹੀ ਕੀਤੇ ਜਾ ਰਹੇ । 

              ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪ੍ਰਾਈਵੇਟ ਸਾਇਲੋਆਂ ਨੂੰ ਖਰੀਦ ਅਤੇ ਵੇਚ ਵੱਟਤ ਦੀ ਬੀਤੇ ਦਿਨਾਂ ਵਿੱਚ ਦਿੱਤੀ ਖੁੱਲ ਸਰਕਾਰ ਦਾ ਕਾਰਪੋਰੇਟ ਪੱਖੀ ਮਨਸੂਬਾ ਸਾਫ਼ ਕਰਦੀ ਹੈ। ਉਨ੍ਹਾਂ ਸਰਕਾਰ ਉੱਤੇ ਮਰੀਆਂ ਫਸਲਾਂ ਦਾ ਮੁਆਵਜਾ ਨਾ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਂਦੇ ਦਿਨਾਂ ਵਿੱਚ ਜਥੇਬੰਦੀ ਵੱਲੋਂ ਹੋਰ ਸਖਤ ਐਕਸ਼ਨ ਲਿਆ ਜਾਵੇਗਾ । ਇਸ ਮੌਕੇ ਜਿਲਾ ਆਗੂ ਜਗਦੇਵ ਸਿੰਘ ਕੋਟਲੀ ਸਮੇਤ ਬਲਾਕ ਆਗੂ ਬਲਜੀਤ ਸਿੰਘ ਭੈਣੀ। ਰਾਵਲ ਸਿੰਘ ਕੋਟੜਾ, ਹਰਬੰਸ ਸਿੰਘ ਟਾਂਡੀਆਂ, ਦਰਸ਼ਨ ਸਿੰਘ ਰੜ੍ਹ ਸਮੇਤ ਵਰਕਰ ਮੌਜੂਦ ਰਹੇ ।

NO COMMENTS