*ਭਾਕਿਯੂ (ਏਕਤਾ) ਡਕੌਂਦਾ ਵੱਲੋਂ ਡੀਐਸਪੀ ਦਫ਼ਡਰ ਅੱਗੇ ਪੱਕਾ ਮੋਰਚਾ ਤੇਰਵੇਂ ਦਿਨ ਵੀ ਜਾਰੀ ਰਿਹਾ*

0
25

 ਬੁਢਲਾਡਾ 18 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕਾਂ ਦੀ ਪ੍ਰਾਪਤੀ, ਕਿਸਾਨ ਸੀਤਾ ਸਿੰਘ ਨੂੰ ਜ਼ਖਮੀ ਕਰਨ ਵਾਲੇ ਗੁੰਡਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਕਿਸਾਨਾਂ ਉੱਤੇ ਜਿਲਾ ਪੁਲਿਸ ਪ੍ਰਸ਼ਾਸਨ ਵੱਲੋਂ ਪਾਏ ਝੂਠੇ ਪਰਚੇ ਰੱਜ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਬੁਢਲਾਡਾ ਡੀਐਸਪੀ ਦਫਤਰ ਸਾਹਮਣੇ ਲੱਗਿਆ ਹੋਇਆ ਪੱਕਾ ਮੋਰਚਾ ਤੇਰਵੇਂ ਦਿਨ ਵੀ ਜਾਰੀ ਰਿਹਾ । ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਮੋਰਚੇ ਨੂੰ ਮੱਖਦਾ ਰੱਖਿਆ ਹੋਇਆ ਹੈ । 

          ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਪਿੰਡ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਵੱਲੋਂ ਜੋ ਜਮੀਨ ਦੀ ਲੜਾਈ ਲੜੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋੰ ਜਮੀਨਾਂ ਖੋਹਣ ਦੀਆਂ ਨੀਤੀਆਂ ਦੇ ਤਹਿਤ ਕਿਸਾਨਾਂ ਨੂੰ ਜਮੀਨ ਤੋਂ ਬੇਦਖਲ ਕੀਤਾ ਜਾ ਰਿਹਾ ਹੈ । ਕਾਸ਼ਤਕਾਰ ਅਤੇ ਆਬਾਦਕਾਰ ਕਿਸਾਨਾਂ ਨੂੰ ਜਮੀਨ ਤੋਂ ਬੇਦਖਲ ਹੀ ਨਹੀਂ ਸਗੋਂ ਲਗਾਤਾਰ ਕਿਸਾਨਾਂ ਦੇ ਉੱਤੇ ਗੁੰਡਾ ਢਾਣੀ ਦੇ ਵੱਲੋਂ ਗੱਡੀਆਂ ਨਾਲ ਹਮਲੇ ਕਰਕੇ ਪੁਲਿਸ ਅਤੇ ਪੰਜਾਬ ਸਰਕਾਰ ਦੀ ਸ਼ਹਿ ਦੇ ਉੱਤੇ ਗੰਭੀਰ ਫੱਟੜ ਕੀਤਾ ਗਿਆ ਹੈ । ਜਿਸਦਾ ਸਬੂਤ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ, ਕਿਸਾਨਾਂ ਦੇ ਉੱਤੇ ਹੀ ਝੂਠੇ ਮੁਕਦਮੇ ਦਰਜ ਕਰਨ ਤੋਂ ਜਾਹਿਰ ਹੁੰਦਾ ਹੈ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਇੱਕ ਪਾਸੜ ਤਾਂ ਲੋਕ ਮਿਲਣੀ ਦਾ ਢੋਂਗ ਰਚਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਕੈਬਨਿਟ ਵਿੱਚ ਵਿਚਾਰੇ ਮਸਲੇ ਨੂੰ ਵੀ ਦਰਕਿਨਾਰ ਕੀਤਾ ਜਾ ਰਿਹਾ ਹੈ । ਸਰਕਾਰ ਦੇ ਇਸ ਕਾਰਪੋਰੇਟ ਪੱਖੀ ਖੋਟੇ ਮਨਸੂਬੇ ਨੂੰ ਕਦਾਚਿੱਤ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ ਸਗੋਂ ਸੂਬਾ ਸਰਕਾਰ ਅਤੇ ਜਿਲਾ ਪੁਲਿਸ ਪ੍ਰਸ਼ਾਸਨ ਦਾ ਦੋਗਲਾ ਚਿਹਰਾ ਲੋਕਾਂ ਸਾਹਮਣੇ ਨੰਗਾ ਕੀਤਾ ਜਾਵੇਗਾ । 

           ਸੂਬਾ ਸਨੀਅਰ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 19 ਜਨਵਰੀ ਦੇ ਭਗਵੰਤ ਸਿੰਘ ਮਾਨ ਦੇ ਬਰਨਾਲਾ ਦੌਰੇ ਦਾ ਜਥੇਬੰਦੀ ਵੱਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ । ਨਾਲ ਹੀ ਹਲਕਾ ਬੁਢਲਾਡਾ ਵਿਧਾਇਕ ਅਤੇ ਜਿਲਾ ਪੁਲਿਸ ਪ੍ਰਸ਼ਾਸਨ ਦਾ ਸ਼ਹਿਰ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ । 

          ਅੱਜ ਦੇ ਸੰਬੋਧਨ ਕਰਨ ਵਾਲੇ ਆਗੂਆਂ ਦੇ ਵਿੱਚ ਮਹਿੰਦਰ ਸਿੰਘ ਬਾਲਿਆਂਵਾਲੀ, ਹਰੀ ਸਿੰਘ ਬੁੱਗਰ, ਤਰਸੇਮ ਸਿੰਘ ਜਗਰਾਉਂ, ਬਲਾਕ ਬੁਢਲਾਡਾ ਦੇ ਜਗਜੀਵਨ ਸਿੰਘ ਹਸਨਪੁਰ, ਗੁਰਜੰਟ ਸਿੰਘ ਬੁਢਲਾਡਾ, ਪਾਲਾ ਸਿੰਘ ਕੁਲਰੀਆਂ, ਬਲਾਕ ਝੁਨੀਰ ਦੇ ਹਰਬੰਸ ਟਾਂਡੀਆਂ ਅਤੇ ਬਲਜੀਤ ਸਿੰਘ ਆਦਿ ਆਗੂ ਮੌਜੂਦ ਸਨ ।

NO COMMENTS