ਭੀਖੀ 27 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):
ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜਿਸਦੀ ਅਗਵਾਈ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਕਰ ਰਹੇ ਹਨ ਦੀ ਬਲਾਕ ਭੀਖੀ ਇਕਾਈ ਦੀ ਚੋਣ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਜਨਰਲ ਸਕੱਤਰ ਬਲਵਿੰਦਰ ਸ਼ਰਮਾਂ ਦੀ ਨਿਗਰਾਨੀ ਹੇਠ ਬਾਬਾ ਜੋਗੀਪੀਰ ਦੇ ਸਥਾਨ ਪਿੰਡ ਭੁਪਾਲ ਵਿਖੇ ਹੋਈ । ਜਿਸ ਵਿੱਚ ਡੇਢ ਦਰਜਨ ਪਿੰਡਾਂ ਦੇ ਡੈਲੀਗੇਟ ਅਤੇ ਦਰਸ਼ਕ ਕਿਸਾਨਾਂ ਨੇ ਸੈਕੜੇ ਦੀ ਗਿਣਤੀ ਵਿੱਚ ਹਿੱਸਾ ਲਿਆ । ਇਸ ਸਮੇਂ ਜਥੇਬੰਦੀ ਦੇ ਵਿਧਾਨ ਅਤੇ ਐਲਾਨਨਾਮੇ ਦੀ ਵਿਆਖਿਆ ਕਰਨ ਤੋਂ ਬਾਅਦ ਬਲਾਕ ਕਮੇਟੀ ਦੀ ਚੋਣ ਕੀਤੀ ਗਈ । ਜਿਸ ਵਿੱਚ ਸਰਬ ਸੰਮਤੀ ਨਾਲ ਜਸਵੀਰ ਸਿੰਘ ਰੱਲਾ ਨੂੰ ਬਲਾਕ ਪ੍ਰਧਾਨ, ਅਵਤਾਰ ਸਿੰਘ ਅਤਲਾ ਕਲਾਂ ਨੂੰ ਜਨਰਲ ਸਕੱਤਰ, ਗੁਰਚਰਨ ਸਿੰਘ ਅਲੀਸ਼ੇਰ ਕਲਾਂ ਨੂੰ ਸ ਮੀਤ ਪ੍ਰਧਾਨ ਅਤੇ ਕਾਲਾ ਸਿੰਘ ਅਕਲੀਆ ਨੂੰ ਖਜ਼ਾਨਚੀ, ਹਰਤੇਜ ਸਿੰਘ ਸਹਾਇਕ ਖਜ਼ਾਨਚੀ, ਰਾਵਲ ਸਿੰਘ ਕੋਟੜਾ ਸਹਾਇਕ ਸਕੱਤਰ, ਹਰਜਿੰਦਰ ਸਿੰਘ ਹੀਰੋ ਕਲਾਂ ਪ੍ਰੈੱਸ ਸਕੱਤਰ, ਬੰਤ ਸਿੰਘ ਅਨੂਪਗੜ੍ਹ ਮੀਤ ਪ੍ਰਧਾਨ, ਕਰਨੈਲ ਸਿੰਘ ਅਤਲਾ ਖੁਰਦ ਮੀਤ ਪ੍ਰਧਾਨ, ਬਾਵਾ ਸਿੰਘ ਖੀਵਾ ਕਲਾਂ ਮੀਤ ਪ੍ਰਧਾਨ, ਦਰਸ਼ਨ ਸਿੰਘ ਰੜ੍ਹ ਸੰਗਠਨ ਸਕੱਤਰ ਅਤੇ ਕਮੇਟੀ ਮੈਂਬਰਾਂ ਵਿੱਚ ਸੁਖਦੇਵ ਸਿੰਘ ਹੀਰੋ ਕਲਾਂ, ਮੋਹਨਦੀਪ ਸਿੰਘ, ਚਮਕਾਰ ਸਿੰਘ ਅਲੀਸ਼ੇਰ ਕਲਾਂ, ਜਗਤਾਰ ਸਿੰਘ ਅਤਲਾ ਕਲਾਂ, ਬੂਟਾ ਸਿੰਘ ਰੜ੍ਹ ਚੁਣੇ ਗਏ । ਇਸ ਮੌਕੇ ‘ਤੇ ਜਥੇਬੰਦੀ ਦੀ ਔਰਤ ਵਿੰਗ ਦੀ ਸੁਖਵਿੰਦਰ ਕੌਰ ਕਨਵੀਨਰ, ਸੁਰਜੀਤ ਕੌਰ ਕੋ ਕਨਵੀਨਰ, ਜਸਪ੍ਰੀਤ ਕੌਰ ਅਤੇ ਕਰਮਜੀਤ ਕਮੇਟੀ ਮੈਂਬਰ ਚੁਣੇ ਗਏ । ਇਸ ਮੌਕੇ ‘ਤੇ ਆਗੂਆਂ ਨੇ ਨਵੀਂ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਜਥੇਬੰਦੀ ਦੇ ਹਰ ਸੰਘਰਸ਼ ਵਿੱਚ ਜੀ ਜਾਨ ਨਾਲ ਸ਼ਮੂਲੀਅਤ ਕਰਨ । ਖੇਤੀ ਅਤੇ ਜ਼ਮੀਨਾਂ ਉੱਤੇ ਹੋ ਰਹੇ ਮਾਰੂ ਹੱਲਿਆਂ ਨੂੰ ਰੋਕਣ ਲਈ ਅਹਿਮ ਯੋਗਦਾਨ ਪਾਉਣ । ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ, ਕੇਂਦਰ ਦੀ ਮੋਦੀ ਸਰਕਾਰ ਦਾ ਹੱਥ ਠੋਕਾ ਬਣੀ ਹੋਈ ਹੈ । ਕੁਦਰਤੀ ਆਫ਼ਤਾਂ, ਹੜ੍ਹ ਅਤੇ ਸੋਕੇ ਲਈ ਕਿਸਾਨਾਂ ਨੂੰ ਕੋਈ ਰਾਹਤ ਨਹੀ ਦਿੱਤੀ ਜਾ ਰਹੀ ਬਲਕਿ ਕਿਸਾਨ ਵਿਰੋਧੀ ਫ਼ੈਸਲੇ ਕਰ ਰਹੀ ਹੈ । ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ । ਕਿਸਾਨਾਂ ‘ਤੇ ਝੂਠੇ ਕੇਸ ਬਣਾਏ ਜਾ ਰਹੇ ਹਨ ਅਤੇ ਹੱਕ ਮੰਗਦੇ ਤਬਕਿਆਂ, ਬੇ ਰੁਜ਼ਗਾਰ ਮੁੰਡੇ ਕੁੜੀਆਂ ਦੀ ਸੜਕਾਂ ‘ਤੇ ਬੇਪਤੀ ਕੀਤੀ ਜਾ ਰਹੀ ਹੈ । ਜਥੇਬੰਦੀ ਸਰਕਾਰ ਦੇ ਇੰਨਾਂ ਹੱਲਿਆਂ ਦਾ ਮੂੰਹ ਤੋੜ੍ਹ ਜਵਾਬ ਦੇਵੇਗੀ । ਇਸ ਮੌਕੇ ‘ਤੇ ਕੌਮੀ ਮੁਕਤੀ ਦੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਮਾਨਸਾ ਵਿਖੇ ਹੋ ਰਹੇ ਨਸ਼ਾ ਵਿਰੋਧੀ ਸਾਂਝੇ ਫਰੰਟ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਸਾਲਾਨਾ ਵਰ੍ਹੇਗੰਢ ਮੌਕੇ 3 ਅਕਤੂਬਰ ਨੂੰ ਕਾਲਾ ਦਿਵਸ ਮਨਾਇਆ ਜਾਵੇਗਾ । ਇਸਤੋਂ ਅੱਗੇ ਜ਼ਮੀਨ ਬਚਾਓ ਮੋਰਚੇ ਦੇ ਸਿਰਮੌਰ ਸ਼ਹੀਦ ਪਿਰਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਤੇਰਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਚੱਕ ਅਲੀਸ਼ੇਰ ਵਿਖੇ 11 ਅਕਤੂਬਰ ਨੂੰ ਸੂਬਾ ਪੱਧਰੀ ਇਕੱਠ ਕਰਕੇ ਮਨਾਈ ਜਾਵੇਗੀ । ਜਿਸ ਵਿੱਚ ਬਲਾਕ ਭੀਖੀ ਵਿੱਚੋਂ ਭਾਰੀ ਗਿਣਤੀ ਵਿੱਚ ਮਰਦ, ਔਰਤਾਂ ਅਤੇ ਨੌਜਵਾਨ ਸ਼ਾਮਿਲ ਹੋਣਗੇ । ਅੰਤ ਵਿੱਚ ਚੁਣੀ ਗਈ ਕਮੇਟੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਜਥੇਬੰਦੀ ਦੇ ਸੰਘਰਸ਼ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਕੋਈ ਕਸਰ ਬਾਕੀ ਨਹੀ ਛੱਡਣਗੇ । ਇਸ ਮੌਕੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਸਮੇਤ ਦੇਵੀ ਰਾਮ ਰੰਘੜਿਆਲ ਅਤੇ ਜਗਦੇਵ ਸਿੰਘ ਕੋਟਲੀ ਕਲਾਂ ਨੇ ਵੀ ਸੰਬੋਧਨ ਕੀਤਾ ।