*ਭਾਕਿਯੂ (ਏਕਤਾ) ਡਕੌਂਦਾ ਦਾ ਬਲਾਕ ਮਾਨਸਾ ਦਾ ਡੈਲੀਗੇਟ ਇਜਲਾਸ ਸੰਪੰਨ ਅਤੇ ਸਰਬਸੰਮਤੀ ਨਾਲ ਹੋਈ ਚੋਣ*

0
16

ਮਾਨਸਾ 25 ਸਤੰਬਰ (ਸਾਰਾ ਯਹਾਂ/ਹਿਤੇਸ਼ ਸ਼ਰਮਾ):

ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜਿਸਦੀ ਅਗਵਾਈ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਕਰ ਰਹੇ ਹਨ, ਬਲਾਕ ਮਾਨਸਾ ਇਕਾਈ ਦਾ ਡੈਲੀਗੇਟ ਇਜਲਾਸ ਪਿੰਡ ਖਿਆਲਾ ਕਲਾਂ ਦੀ ਮੱਕਾ ਪੱਤੀ ਦੀ ਧਰਮਸ਼ਾਲਾ ਵਿੱਚ ਕੀਤਾ ਗਿਆ । ਜਿਸ ਵਿੱਚ ਸਰਬ ਸੰਮਤੀ ਨਾਲ 21 ਮੈਂਬਰੀ ਬਲਾਕ ਕਮੇਟੀ ਅਤੇ ਆਹੁੱਦੇਦਰਾਂ ਦੀ ਚੋਣ ਕੀਤੀ ਗਈ । ਇਸ ਸਮੇਂ ਹਾਜ਼ਰ ਡੈਲੀਗੇਟ ਅਤੇ ਦਰਸ਼ਕ ਕਿਸਾਨ, ਮਰਦ ਔਰਤਾਂ ਅਤੇ ਨੌਜਵਾਨਾਂ ਨੇ ਹਿੱਸਾ ਲੈਂਦੇ ਹੋਏ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ‘ਤੇ ਵਿਚਾਰ ਚਰਚਾ ਕਰਦੇ ਹੋਏ ਅਗਲੇ ਕਾਰਜ ਵੀ ਉਲੀਕੇ ਗਏ । ਕਿਸਾਨ ਡੈਲੀਗੇਟਾਂ ਵੱਲੋਂ ਕਿਸਾਨੀ ਸੰਕਟ ਅਤੇ ਇਸਦੇ ਹੱਲ ਲਈ ਠੋਸ ਸੁਝਾਅ ਵੀ ਪੇਸ਼ ਕੀਤੇ । ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਨੂੰ ਪ੍ਰਮੁੱਖਤਾ ਨਾਲ ਲੜਨ ਦਾ ਅਹਿੱਦ ਕਰਦਿਆਂ ਕਿਸਾਨੀ ਦੇ ਨਾਲ ਜਵਾਨੀ ਬਚਾਉਣ ਅਤੇ ਉਸਨੂੰ ਸੰਘਰਸ਼ਾਂ ਵਿੱਚ ਸ਼ਾਮਿਲ ਕਰਨ ਲਈ ਵੀ ਗੰਭੀਰਤਾ ਨਾਲ ਵਿਚਾਰ ਚਰਚਾ ਹੋਈ । ਇਸ ਸਮੇਂ ਬੁਲਾਰਿਆਂ ਨੇ ਚੁਣੀ ਗਈ ਨਵੀਂ ਬਲਾਕ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਉਣ ਵਾਲਾ ਸਮਾਂ ਕਿਸਾਨਾਂ ਸਮੇਤ ਹੋਰ ਤਬਕਿਆਂ ਦੀ ਇੱਕਜੁਟਤਾ ਨਾਲ ਲੜੇ ਜਾਣ ਵਾਲੇ ਸੰਘਰਸ਼ਾਂ ਦਾ ਹੋਵੇਗਾ ਅਤੇ ਸਮੁੱਚੇ ਕਿਰਤੀ ਵਰਗ ਨੂੰ ਲੁਟੇਰੀ ਜਮਾਤ ਦੇ ਲੁਟੇਰੇ ਹੱਥ ਕੰਡਿਆਂ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਵੇਗਾ । ਇਸ ਸਮੇਂ ਮਤੇ ਪਾਸ ਕਰਦਿਆਂ ਮੰਗ ਕੀਤੀ ਗਈ ਕਿ ਕੁਦਰਤੀ ਕਰੋਪੀ, ਹੜਾਂ ਅਤੇ ਸੋਕੇ ਨਾਲ ਹੋਏ ਫ਼ਸਲਾਂ, ਘਰਾਂ ਅਤੇ ਜਾਨੀ ਨੁਕਸਾਨ ਦੀ ਪੂਰਤੀ ਲਈ ਕੇਂਦਰ ਸਰਕਾਰ ਵਿਸ਼ੇਸ਼ ਪੈਕਜ ਦਾ ਐਲਾਨ ਕਰੇ ਅਤੇ ਪੰਜਾਬ ਸਰਕਾਰ ਹੋਏ ਨੁਕਸਾਨ ਦੀ ਭਰਪਾਈ ਪੂਰਾ ਮੁਆਵਜ਼ਾ ਦੇ ਕੇ ਕਰੇ । ਨਾਲ ਹੀ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਹਮਲੇ ਕਰਨੇ ਬੰਦ ਕਰੇ, ਕਿਸਾਨਾਂ ਮਜ਼ਦੂਰਾਂ ‘ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ, ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿੱਤਾ ਜਾਵੇ, ਸਾਰੀਆਂ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸਾਂ ਅਨੁਸਾਰ ਦੇ ਕੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ, ਕਿਸਾਨਾਂ-ਮਜ਼ਦੂਰਾਂ ਸਿਰ ਚੜਿਆ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ‘ਤੇ ਲੀਕ ਮਾਰੀ ਜਾਵੇ, ਕਿਸਾਨਾਂ ਅਤੇ ਮਜ਼ਦੂਰਾਂ ਦੀ ਬੁਢਾਪਾ ਸੁਰੱਖਿਆ ਲਈ ਦਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਾਗੂ ਕੀਤੀ ਜਾਵੇ ਆਦਿ ਮੰਗਾਂ ਸੰਬੰਧੀ ਮਤੇ ਪਾਸ ਕੀਤੇ ਗਏ । ਇਸ ਸਮੇਂ ਪੁਲਿਸ, ਸਮਗਲਰ ਅਤੇ ਗੁੰਡਾ ਗੰਠਜੋੜ ਦੇ ਖ਼ਿਲਾਫ਼ ਨਸ਼ਾ ਬੰਦੀ ਮੁਹਿੰਮ ਵੀ ਚਲਾਉਣ ਦਾ ਐਲਾਨ ਕੀਤਾ ਗਿਆ । ਇਸ ਸਮੇਂ ਹੋਈ ਬਲਾਕ ਕਮੇਟੀ ਦੀ ਚੋਣ ਵਿੱਚ ਸਰਬਸੰਮਤੀ ਨਾਲ ਬਲਜੀਤ ਸਿੰਘ ਭੈਣੀ ਬਾਘਾ ਪ੍ਰਧਾਨ, ਮਹਿੰਦਰ ਸਿੰਘ ਰਾਠੀ ਜਨਰਲ ਸਕੱਤਰ, ਬੀਰਵੱਲ ਸਿੰਘ ਖਿਆਲਾ ਸ ਮੀਤ ਪ੍ਰਧਾਨ, ਬਚਿੱਤਰ ਸਿੰਘ ਮੂਸਾ ਮੀਤ ਪ੍ਰਧਾਨ, ਗੁਰਚੇਤ ਸਿੰਘ ਚਕੇਰੀਆਂ ਖਜ਼ਾਨਚੀ, ਗੁਰਤੇਜ ਸਿੰਘ ਕੋਟਲੀ ਸੰਗਠਨ ਸਕੱਤਰ, ਰੂਪ ਸ਼ਰਮਾਂ ਨੂੰ ਪ੍ਰੈੱਸ ਸਕੱਤਰ ਚੁਣਦੇ ਹੋਏ ਗੁਰਵਿੰਦਰ ਕੌਰ ਭੈਣੀ ਬਾਘਾ ਨੂੰ ਕਨਵੀਨਰ ਅਤੇ ਅਮਰਜੀਤ ਕੌਰ ਖਿਆਲਾ ਨੂੰ ਔਰਤ ਵਿੰਗ ਦੀ ਕੋ ਕਨਵੀਨਰ ਚੁਣਿਆ ਗਿਆ । ਇਸਤੋਂ ਇਲਾਵਾ ਚੁਣੀ ਗਈ ਬਲਾਕ ਕਮੇਟੀ ਵਿੱਚ ਲੀਲਾ ਸਿੰਘ ਮੂਸਾ, ਦਰਸ਼ਨ ਸਿੰਘ ਔਤਾਂਵਾਲੀ, ਦਰਸ਼ਨ ਸਿੰਘ, ਅਮਰੀਕ ਸਿੰਘ ਬੁਰਜ ਹਰੀ, ਲਾਭ ਸਿੰਘ, ਪਰਗਟ ਸਿੰਘ, ਭੋਲਾ ਸਿੰਘ ਖਿਆਲਾ, ਗੁਰਤੇਜ ਸਿੰਘ ਕੋਟਲੀ, ਬਾਬੂ ਸਿੰਘ ਬੁਰਜ ਰਾਠੀ, ਸੁਰਜੀਤ ਸਿੰਘ ਨੰਗਲ ਕਲਾਂ ਸਮੇਤ ਰਜਿੰਦਰ ਕੌਰ ਮਾਨਸਾ ਅਤੇ ਸੁਖਜੀਤ ਕੌਰ ਭੈਣੀ ਬਾਘਾ ਚੁਣੇ ਗਏ । ਇਸ ਮੌਕੇ ਗ਼ਮਦੂਰ ਸਿੰਘ ਅਤੇ ਗੁਰਚਰਨ ਸਿੰਘ ਖਿਆਲਾ ਨੂੰ ਜਥੇਬੰਦੀ ਵਿੱਚ ਸ਼ਾਮਿਲ ਹੋਣ ‘ਤੇ ਸਨਮਾਨਿਤ ਕੀਤਾ ਗਿਆ ।

NO COMMENTS