ਮਾਨਸਾ 19 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ): ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਕਣਕ ਦੇ ਸੁੰਡ ਨਾਲ ਪ੍ਰਭਾਵਤ ਹੋਈ ਫ਼ਸਲ ਦਾ ਯੋਗ ਮੁਆਵਜਾ ਲੈਣ ਲਈ ਅਤੇ ਬੀਤੇ ਦਿਨੀਂ ਪਿੰਡ ਕੁਲਰੀਆਂ ਦੇ ਕਿਸਾਨ ਗੁਰਪ੍ਰੀਤ ਸਿੰਘ ਉੱਤੇ ਜਾਨੋ ਮਾਰਨ ਦੀ ਨੀਅਤ ਨਾਲ ਕੀਤੇ ਹਮਲੇ ਦੀ ਕਾਰਵਾਈ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਅੱਗੇ ਧਰਨਾ ਦੇ ਕੇ ਡਿਪਟੀ ਕਮਿਸ਼ਨਰ ਦੇ ਨਾਮਪਰ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਸਰਕਾਰ ਦੀ ਨਸੀਹਤ ਮੰਨ ਕੇ ਬਗੈਰ ਰਹਿੰਦ ਖੂੰਹਦ ਸਾੜੇ ਆਧੁਨਿਕ ਸੰਦਾਂ ਨਾਲ ਕਣਕ ਦੀ ਬਿਜਾਈ ਕੀਤੀ ਸੀ ਪਰ ਹੁਣ ਮਲਬੇ ਦੇ ਹੇਠਾਂ ਦੱਬਣ ਕਾਰਨ ਪੈਦਾ ਹੋਏ ਸਫੈਦ ਕੀਟ ਵੱਲੋਂ ਵੱਡੀ ਪੱਧਰ ਉੱਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਕੀਤਾ ਜਾ ਰਿਹਾ ਹੈ । ਸਰਕਾਰ ਦਾ ਖੇਤੀਬਾੜੀ ਵਿਭਾਗ ਪਹਿਲਾਂ ਪੁਲਿਸ ਦੀਆਂ ਧਾੜਾਂ ਲੈ ਕੇ ਕਿਸਾਨਾਂ ਨੂੰ ਖੇਤਾਂ ਵਿੱਚ ਜਾ ਕੇ ਜਲੀਲ ਕਰਦਾ ਸੀ ਅਤੇ ਜਬਰੀ ਪਰਾਲੀ ਦੀ ਰਹਿੰਦ ਖੂੰਹਦ ਨਾਲ ਕਣਕ ਬੀਜਣ ਲਈ ਮਜਬੂਰ ਕਰਦਾ ਸੀ ਪਰ ਅੱਜ ਉਹੀ ਵਿਭਾਗ ਪੂਰੀ ਤਰਾਂ ਮੌਨ ਹੈ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਮਾਨ ਸਰਕਾਰ ਦੇ ਸ਼ਾਸਨਕਾਲ ਵਿੱਚ ਗੁੰਡਾ ਗਰਦੀ ਸਿਖਰਾਂ ‘ਤੇ ਹੈ । ਜਿਸਦੀ ਤਾਜ਼ਾ ਮਿਸਾਲ ਪਿੰਡ ਕੁਲਰੀਆਂ ਦੇ ਕਿਸਾਨ ਗੁਰਪ੍ਰੀਤ ਸਿੰਘ ਉੱਪਰ ਕੀਤੇ ਸਰਪੰਚ ਰਾਜਵੀਰ ਅਤੇ ਗੁੰਡਾ ਢਾਣੀ ਵੱਲੋਂ ਜਾਨਲੇਵਾ ਹਮਲੇ ਤੋਂ ਮਿਲਦੀ ਹੈ । ਉਨ੍ਹਾਂ ਪਿੰਡ ਕੁਲਰੀਆਂ ਵਿੱਚ ਚੱਲ ਰਹੇ ਅਬਾਦਕਾਰ ਕਿਸਾਨਾਂ ਦੇ ਘੋਲ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲਾ ਪ੍ਰਸ਼ਾਸਨ ਵੱਲੋਂ ਜਥੇਬੰਦੀ ਨੂੰ 19 ਤਰੀਕ ਤੱਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਭੂੰ ਮਾਫ਼ੀਆ ਦੇ ਗੁੰਡਾ ਅਨਸਰ ਬਗੈਰ ਪੁਲਿਸ ਪ੍ਰਸ਼ਾਸਨ ਦੇ ਡਰ ਭੈਅ ਤੋਂ ਅਬਾਦਕਾਰ ਕਿਸਾਨਾਂ ‘ਤੇ ਹਮਲਾ ਦਰ ਹਮਲਾ ਕਰ ਰਹੇ ਹਨ । ਬੀਤੇ ਦਿਨੀਂ ਅਬਾਦਕਾਰ ਕਿਸਾਨ ਉੱਤੇ ਕੀਤੇ ਜਾਨਲੇਵਾ ਹਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਜਥੇਬੰਦੀ ਵੱਲੋਂ ਅੱਜ ਕਾਰਵਾਈ ਕਰਵਾਉਣ ਲਈ ਸੰਕੇਤਕ ਧਰਨਾ ਦਿੱਤਾ ਗਿਆ । ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਹਮਲੇ ਪਿਛਲੀਆਂ ਸਰਕਾਰਾਂ ਵਾਂਗੂੰ ਲਗਾਤਾਰ ਜਾਰੀ ਹਨ ਪਰ ਜਥੇਬੰਦੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਰਾਖੀ ਲਈ ਵਚਨਬੱਧ ਹੈ । ਇਸ ਮੌਕੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਬਲਵਿੰਦਰ ਸ਼ਰਮਾਂ, ਜਗਦੇਵ ਸਿੰਘ ਕੋਟਲੀ, ਸੱਤਪਾਲ ਸਿੰਘ ਵਰ੍ਹੇ, ਬਲਜੀਤ ਸਿੰਘ ਭੈਣੀ ਬਾਘਾ, ਹਰਬੰਸ ਟਾਂਡੀਆਂ, ਸੁਖਜੀਤ ਕੌਰ ਭੈਣੀ ਬਾਘਾ, ਸੁਖਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ ।