*ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਰੋਕਣਾ ਸਾਡੀ ਸਭ ਦੀ ਜਿੰਮੇਵਾਰੀ-ਸਿਵਲ ਸਰਜਨ*

0
14

ਫ਼ਗਵਾੜਾ-21ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਜਿਲ੍ਹਾ ਐਡਵਾਇਜ਼ਰੀ ਕਮੇਟੀ (ਪੀ.ਸੀ.-ਪੀ.ਐੱਨ.ਡੀ.ਟੀ.) ਦੀ ਮੀਟਿੰਗ ਮੰਗਲਵਾਰ ਨੂੰ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਸਿਵਲ ਸਰਜਨ ਡਾ. ਗੁਰਮੀਤ ਲਾਲ  ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਕੈਨ ਸੈਂਟਰਾਂ ਦੀ ਨਵੀਂ ਰਜਿਸਟ੍ਰੇਸ਼ਨ ਅਤੇ ਰੀਨਿਉਲ ਲਈ ਪ੍ਰਾਪਤ ਪ੍ਰਤੀ ਬੇਨਤੀਆਂ ਉੱਤੇ ਆਧਾਰਿਤ ਏਜੰਡਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਐਸ.ਐਮ.ਓ.ਡਾ.ਵਰਿੰਦਰ ਕੌਰ ਥਿੰਦ,ਡਾ.ਅਭਿਨਵ ਸ਼ੂਰ, ਸਹਾਇਕ ਜਿਲ੍ਹਾ ਅਟਾਰਨੀ ਸ੍ਰੀ ਗਗਨਦੀਪ, ਸ੍ਰੀ ਸ਼ਾਂਤ ਕੁਮਾਰ ਗੁਪਤਾ, ਸ੍ਰੀਮਤੀ ਪਰਵੀਨ ਅਬਰੋਲ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਜਿਲ੍ਹਾ ਪੀ.ਸੀ.-ਪੀ.ਐਨ.ਡੀ.ਟੀ.ਕੋਆਰਡੀਨੇਟਰ ਦੀਪਕ ਬਪੋਰੀਆ ਮੌਜੂਦ ਸਨ।

ਸਿਵਲ ਸਰਜਨ ਡਾ.ਗੁਰਮੀਤ ਲਾਲ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪੀ.ਸੀ.-ਪੀ.ਐੱਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਰੋਕਿਆ ਜਾ ਸਕੇ। ਭਰੂਣ ਹੱਤਿਆ ਨੂੰ ਰੋਕਣਾ ਸਾਡੀ ਸਭ ਦੀ ਜਿੰਮੇਵਾਰੀ ਹੈ। ਪੀ.ਸੀ.-ਪੀ.ਐੱਨ.ਡੀ.ਟੀ.ਐਕਟ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਿਹਤ ਵਿਭਾਗ ਦੀ ਪੈਨੀ ਨਜ਼ਰ ਹੈ ਅਤੇ ਜ਼ਿਲ੍ਹੇ ਵਿਚ ਨਿਰੰਤਰ ਅਲਟਰਾਸਾਊਂਡ ਸੈਂਟਰਾਂ ਦੀ ਚੈੱਕਿੰਗ ਕੀਤੀ ਜਾ ਰਹੀ ਹੈ। ਲੜਕੇ-ਲੜਕੀ ਦੇ ਲਿੰਗ ਅਨੁਪਾਤ ਦੇ ਪਾੜ੍ਹੇ ਨੂੰ ਘੱਟ ਕਰਨ ਲਈ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਹਰ ਵਰਗ ਨੂੰ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ/ਕਰਨਾ ਗੈਰਕਾਨੂੰਨੀ ਹੈ ਅਤੇ ਇਸ ਜ਼ੁਰਮ ਵਿੱਚ ਪਾਏ ਗਏ ਦੋਸ਼ੀਆਂ ਖਿਲਾਫ ਪੀ.ਸੀ.-ਪੀ.ਐੇਨ.ਡੀ.ਟੀ.ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹੇ ਦੇ ਲਿੰਗ ਅਨੁਪਾਤ ਦੀ ਦਰ ਵਿੱਚ ਸੁਧਾਰ ਹੋਇਆ ਹੈ, 2023 ਵਿੱਚ ਜਿੱਥੇ ਲਿੰਗ ਅਨੁਪਾਤ ਦਰ 1000 ਲੜਕਿਆਂ ਪਿੱਛੇ 918 ਲੜਕੀਆਂ  ਸੀ, ਉੱਥੇ ਹੁਣ ਲਿੰਗ ਅਨੁਪਾਤ ਦਰ ਸੁਧਰ ਕੇ 2024 ਵਿੱਚ 1000 ਲੜਕਿਆਂ ਦੇ ਪਿੱਛੇ 939 ਲੜਕਿਆਂ ਤੱਕ ਪਹੁੰਚ ਗਈ ਹੈ। ਜਿਲ੍ਹਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਪੀ.ਸੀ.-ਪੀ.ਐਨ.ਡੀ.ਟੀ.ਡਾ.ਰਮਨ ਗੁਪਤਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ 1 ਨਵੇਂ ਸਕੈਨ ਸੈਂਟਰਾਂ ਵਲੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰਤੀ ਬੇਨਤੀ ਪ੍ਰਾਪਤ ਹੋਈ ਸੀ,ਜਿਸ ਨੂੰ ਦਸਤਾਵੇਜ਼ ਵਾਚਣ ਉਪਰੰਤ ਵਿਚਾਰ ਅਧੀਨ ਰੱਖਿਆ ਗਿਆ। ਇਸ ਤੋਂ ਇਲਾਵਾ 3 ਸਕੈਨ ਸੈਂਟਰਾਂ ਵਲੋਂ ਰਜਿਸਟ੍ਰੇਸ਼ਨ ਰੀਨਿਊ ਕਰਵਾਉਣ ਲਈ ਪ੍ਰਤੀ ਬੇਨਤੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ਲੋੜੀਂਦੇ ਦਸਤਾਵੇਜ ਪੂਰੇ ਹੋਣ ਅਤੇ ਕਮੇਟੀ ਮੈਂਬਰਾਂ ਵਲੋਂ ਪੜਚੋਲ ਕਰਨ ਉਪਰੰਤ ਮਨਜੂਰੀ ਦੇ ਦਿੱਤੀ ਗਈ। 

NO COMMENTS