ਚੰਡੀਗੜ੍ਹ, 2 ਨਵੰਬਰ: (ਸਾਰਾ ਯਹਾਂ/ਹਿਤੇਸ਼ ਸ਼ਰਮਾ):
ਪੰਜਾਬੀ ਭਾਸ਼ਾ ਨੂੰ ਦੁਨੀਆਂ ਵਿੱਚ ਹੋਰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ।
ਉਹਨਾਂ ਦੱਸਿਆ ਕਿ ਦੱਖਣੀ ਏਸ਼ੀਆਈ ਖਿੱਤੇ ਵਿੱਚ ਪੰਜਾਬ ਇੱਕ ਪ੍ਰਭਾਵਸ਼ਾਲੀ ਸਭਿਆਚਾਰਕ, ਇਤਿਹਾਸਕ ਅਤੇ ਰਾਜਨੀਤਕ ਖਿੱਤਾ ਹੈ। ਜਿਸ ਦੇ ਰਹਿਣ-ਸਹਿਣ, ਖਾਣ-ਪੀਣ, ਭੰਗੜਾ ਅਤੇ ਸੰਗੀਤ ਨੂੰ ਦੁਨੀਆਂ ਭਰ ਵਿੱਚ ਸਰਾਹਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਖਿੱਤੇ ਵਿੱਚ ਸਿੱਖ ਧਰਮ , ਬੁੱਧ ਮੱਤ ਅਤੇ ਸੂਫ਼ੀਵਾਦ ਨੇ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਪੂਰੀ ਦੁਨੀਆਂ ਵਿੱਚ ਫੈਲ ਗਿਆ।
ਭਾਸ਼ਾ ਮੰਤਰੀ ਨੇ ਦੱਸਿਆ ਕਿ ਪੰਜਾਬੀ ਲੋਕ ਰੁਜ਼ਗਾਰ ਦੇ ਬਿਹਤਰ ਮੌਕਿਆਂ ਦੀ ਤਲਾਸ਼ ਵਿੱਚ ਵੱਖ-ਵੱਖ ਮੁਲਕਾਂ ਵਿੱਚ ਵਸ ਗਏ ਹਨ ਅਤੇ ਹੁਣ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਪੰਜਾਬੀ ਭਾਸ਼ਾ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ, ਜਿਸਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਕਰਵਾਉਣ ਦਾ ਫੈਸਲਾ ਕੀਤਾ ਤਾਂ ਜੋ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿੱਖਣ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ।
ਸ. ਬੈਂਸ ਨੇ ਦੱਸਿਆ ਕਿ ਇਹ ਓਲੰਪੀਆਡ 9 ਅਤੇ 10 ਦਸੰਬਰ,2023 ਨੂੰ ਆਨਲਾਈਨ ਵਿਧੀ ਰਾਹੀਂ ਕਰਵਾਇਆ ਜਾਵੇਗਾ। ਇਸ ਵਿੱਚ 40 ਮਿੰਟ ਵਿੱਚ ਅਬਜੈਕਟਿਵ ਟਾਈਪ ਦੇ 50 ਨੰਬਰਾਂ ਦੇ 50 ਪ੍ਰਸ਼ਨ ਪੁੱਛੇ ਜਾਣਗੇ। ਉਹਨਾਂ ਦੱਸਿਆ ਕਿ ਇਸ ਓਲੰਪੀਆਡ ਵਿੱਚ ਅੱਠਵੀਂ ਅਤੇ ਨੌਵੀਂ ਜਮਾਤ ਵਿੱਚ ਪੜ੍ਹਨ ਵਾਲੇ 17 ਸਾਲ ਦੀ ਉਮਰ ਤੱਕ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਓਲੰਪੀਆਡ ਵਿੱਚ ਹਿੰਦੋਸਤਾਨ,ਅਮਰੀਕਾ,ਅਸਟਰੇਲੀਆ, ਯੂਰਪ ਅਤੇ ਹੋਰ ਥਾਵਾਂ ਤੇ ਵਸਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ੳਹਨਾਂ ਦੱਸਿਆ ਕਿ ਛੇ ਟਾਈਮ ਜ਼ੋਨਾਂ ਵਿੱਚ 2 ਘੰਟਿਆਂ ਲਈ ਇਹ ਓਲੰਪੀਆਡ ਚੱਲੇਗਾ।
ਇਸ ਓਲੰਪੀਆਡ ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਕੀਤੀ ਜਾ ਸਕਦੀ ਹੈ। ਰਜਿਸਰੇਸ਼ਨ ਦਾ ਕਾਰਜ ਆਰੰਭ ਹੋ ਚੁੱਕਾ ਹੈ।