ਮਾਨਸਾ 12 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਪਰਮਪਾਲ ਕੌਰ ਮਲੂਕਾ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਪੰਜਾਬ ਲਈ ਕੁਝ ਨਾ ਦੇਣ ਤੇ ਭਗਵੰਤ ਮਾਨ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਸੀ ਕਿ ਇਸ ਬਜਟ ਵਿੱਚ ਪੰਜਾਬ ਨੂੰ ਬਹੁਤ ਕੁਝ ਮਿਲਦਾ। ਪਰ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਨਾਲ ਤਾਲਮੇਲ ਬਣਾ ਕੇ ਨਹੀਂ ਚੱਲੀ ਅਤੇ ਨਾ ਹੀ ਪੰਜਾਬ ਸਰਕਾਰ ਨੇ ਕਦੇ ਨੀਤੀ ਆਯੋਗ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਆਪਣੀਆਂ ਸਕੀਮਾਂ ਦੱਸ ਕੇ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਦੀ ਆਈ ਹੈ। ਪੰਜਾਬ ਦੇ ਲੋਕ ਜਾਣੂ ਹੋ ਰਹੇ ਹਨ। ਪਰਮਪਾਲ ਕੌਰ ਮਲੂਕਾ ਨੇ ਕੇਂਦਰੀ ਬਜਟ ਨੂੰ ਸਲਾਹੁਦਿਆਂ ਗਰੀਬਾਂ ਅਤੇ ਬੇਘਰੇ ਲੋਕਾਂ ਲਈ ਮਕਾਨ ਬਣਾ ਕੇ ਦੇਣ, ਮੁਰੰਮਤ ਵਾਲੇ ਮਕਾਨਾਂ ਲਈ ਪੈਸੇ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਬਜਟ ਵਿੱਚ ਆਮ ਅਤੇ ਗਰੀਬ ਲੋਕਾਂ ਲਈ ਬਹੁਤ ਕੁਝ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਬਜਟ ਵਿੱਚ ਸਲਾਨਾ 12 ਲੱਖ ਰੁਪਏ ਤਨਖਾਹ ਲੈਣ ਵਾਲਿਆਂ ਨੂੰ ਹਰ ਤਰ੍ਹਾਂ ਦੇ ਟੈਕਸ ਤੋਂ ਛੋਟ ਦਿੱਤੀ ਗਈ ਹੈ, ਜੋ ਪਹਿਲੀ ਵਾਰ ਹੋਇਆ ਹੈ ਕਿ ਇਸ ਦਾ ਹਰ ਵਰਗ ਨੂੰ ਫਾਇਦਾ ਹੋਵੇਗਾ। ਆਪਣੇ ਆਪ ਵਿੱਚ ਇਹ ਇੱਕ ਇਨਕਾਲਬੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਯੂਸ਼ਮਾਨ ਸਕੀਮ, ਮੁਫਤ ਰਾਸ਼ਨ ਸਕੀਮ ਵਾਂਗ ਕੇਂਦਰ ਦੀਆਂ ਅਨੇਕਾਂ ਸਕੀਮਾਂ ਨੂੰ ਆਪਣੀਆਂ ਦੱਸਿਆ ਅਤੇ ਖੁਦ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜੇਕਰ ਸਮਰੱਥ ਹੁੰਦੀ ਹੈ ਤਾਂ ਕੇਂਦਰ ਦੀਆਂ ਸਕੀਮਾਂ ਦਾ ਦੋਹਰਾ ਲਾਭ ਮਿਲਦਾ। ਪਰ ਭਗਵੰਤ ਮਾਨ ਸਰਕਾਰ ਇਸ ਸਮਰੱਥ ਹੀ ਨਹੀਂ। ਜਦੋਂਕਿ ਹਰਿਆਣਾ ਵਿੱਚ ਕੇਂਦਰ ਦੀਆਂ ਸਾਰੀਆਂ ਸਕੀਮਾਂ ਦੇ ਨਾਲ ਸੂਬਾ ਸਰਕਾਰ ਵੱਲੋਂ ਵੀ ਬਣਦਾ ਸਹਿਯੋਗ ਅਤੇ ਸਹੂਲਤਾਂ ਦਿੱਤੀਆਂ ਜਾਣਗੀਆਂ। ਪਰਮਪਾਲ ਮਲੂਕਾ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਹੀ ਨਹੀਂ ਲੋਕਾਂ ਦੇ ਦਿਲ ਜਿੱਤੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੀ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਨੇ ਲੋਕਾਂ ਅਤੇ ਔਰਤਾਂ ਨੂੰ 2500 ਰੁਪਏ ਮਹੀਨਾ ਦੇਣ ਦਾ ਝੂਠਾ ਲਾਰਾ ਲਗਾਇਆ, ਅਸੀਂ ਉੱਥੇ ਜਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਔਰਤਾਂ ਨੂੰ ਵਿਧਾਨ ਸਭਾ ਚੋਣਾਂ ਮੌਕੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਪਰਦਾਫਾਸ਼ ਕੀਤਾ ਤਾਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਨਰਿੰਦਰ ਮੋਦੀ ਦੀਆਂ ਗ੍ਰਾਂਟੀਆਂ, ਕੰਮਾਂ, ਮੈਨੀਫੈਸਟੋ ਵਿੱਚ ਕੀਤੇ ਗਏ ਐਲਾਨਾਂ ਤੇ ਭਰੋਸਾ ਕੀਤਾ ਹੈ, ਜਿਸ ਕਰਕੇ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਜਿਤਾਇਆ। ਪਰਮਪਾਲ ਕੌਰ ਮਲੂਕਾ ਨੇ ਕਿਹਾ ਕਿ ਇਹੀ ਹਾਲ ਹੁਣ ਪੰਜਾਬ ਵਿੱਚ ਹੋਣ ਵਾਲਾ ਹੈ। ਪੰਜਾਬ ਦੇ ਹਾਲਾਤ ਮਾੜੇ ਹਨ। ਇੰਡਸਟਰੀ ਇੱਥੋਂ ਬਦਲ ਕੇ ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਚਲੀ ਗਈ ਹੈ। ਪੰਜਾਬ ਸਰਕਾਰ ਦੇ ਪੱਲੇ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਲੋਕ ਸਮਝਦੇ ਹਨ ਕਿ ਜੇਕਰ ਸੂਬਾ ਕੇਂਦਰ ਨਾਲ ਮਿਲ ਕੇ ਚੱਲੇਗਾ ਤਾਂ ਉਹ ਹਰ ਪੱਖੋਂ ਤਰੱਕੀ ਕਰੇਗਾ। ਕੇਂਦਰ ਨਾਲ ਭਗਵੰਤ ਮਾਨ ਸਰਕਾਰ ਨੇ ਅੱਜ-ਤੱਕ ਤਾਲਮੇਲ ਨਹੀਂ ਦਿਖਾਇਆ। ਇਸੇ ਕਰਕੇ ਪੰਜਾਬ ਦੂਜੇ ਸੂਬਿਆਂ ਦੇ ਮੁਕਾਬਲੇ ਪੱਛੜ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ਤੇ ਸੂਬਾ ਤਰੱਕੀ, ਖੁਸ਼ਹਾਲੀ, ਵਿਕਾਸ ਪੱਖੋਂ ਸਿਖਰਾਂ ਨੂੰ ਛੂਹੇਗਾ ਅਤੇ ਨਵਾਂ ਇਤਿਹਾਸ ਸਿਰਜੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਹੁਣ ਤੋਂ ਤਿਆਰੀ ਵਿੱਢ ਦਿੱਤੀ ਹੈ ਅਤੇ ਹਰ ਪਿੰਡ, ਕਸਬੇ ਅਤੇ ਸ਼ਹਿਰ ਤੱਕ ਭਾਜਪਾ ਲੋਕਾਂ ਵਿੱਚ ਇਹ ਗੱਲ ਲੈ ਕੇ ਜਾਵੇਗੀ। ਭਾਜਪਾ ਜਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਭਾਜਪਾ ਸਰਕਾਰ ਦੀਆਂ ਨੀਤੀਆਂ, ਪੇਸ਼ ਕੀਤੇ ਕੇਂਦਰੀ ਬਜਟ ਨੂੰ ਲੋਕਾਂ ਲਈ ਫਾਇਦੇਮੰਦ ਦੱਸਦਿਆਂ ਪੰਜਾਬ ਅੰਦਰ ਭਾਜਪਾ ਦੀ ਹਵਾ ਚੱਲਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਾਰੀਆਂ ਪਾਰਟੀਆਂ ਦਾ ਰਾਜ ਦੇਖ ਚੁੱਕੇ ਹਨ। ਹੁਣ ਉਨ੍ਹਾਂ ਦੀ ਟੇਕ ਭਾਜਪਾ ਤੇ ਹੈ। ਇਸ ਮੌਕੇ ਜਿਲ੍ਹਾ ਰਾਕੇਸ਼ ਕੁਮਾਰ, ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਸੀਨੀਅਰੀ ਭਾਜਪਾ ਆਗੂ ਅਮਰਜੀਤ ਸਿੰਘ ਕਟੋਦੀਆ, ਸਤੀਸ਼ ਕੁਮਾਰ ਗੋਇਲ ਮਾਨਸਾ, ਮੱਖਣ ਲਾਲ, ਰੋਹਿਤ ਬਾਂਸਲ, ਅਮਨਦੀਪ ਸਿੰਘ ਗੁਰੂ, ਕੁਸ਼ਦੀਪ ਸ਼ਰਮਾ, ਪਰਮਜੀਤ ਸਿੰਘ ਮੰਨਾ ਫੱਤਾ, ਅਮ੍ਰਿਤਪਾਲ ਸਿੰਘ, ਵਿਨੋਦ ਕੁਮਾਰ ਕਾਲੀ, ਸੁਖਚੈਨ ਸਿੰਘ, ਜੋਨੀ ਕੁਮਾਰ, ਰੋਬਿਨ ਜਿੰਦਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ