(ਸਾਰਾ ਯਹਾਂ/ਬਿਊਰੋ ਨਿਊਜ਼ ) : ਤਰਨਤਾਰਨ ਦੇ ਰਸੂਲਪੁਰ ਪਿੰਡ ‘ਚ ਬੀਤੇ ਕੱਲ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਗੁੰਡਿਆਂ ਨੇ ਫਿਰੌਤੀ ਨਾ ਦੇਣ ‘ਤੇ ਦਿਨ ਦਿਹਾੜੇ ਇਕ ਦੁਕਾਨਦਾਰ ਦਾ ਕਤਲ ਕਰ ਦਿੱਤਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਅਜੈਬ ਸਿੰਘ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਲਖਬੀਰ ਸਿੰਘ ਲੰਡਾ ਨੇ ਉਸ ਦੇ ਬੇਟੇ ਦਾ ਕਤਲ ਉਸ ਦੇ ਭਤੀਜੇ ਅਰਸ਼ਦੀਪ ਸਿੰਘ ਤੇ ਉਸ ਦੀ ਭਰਜਾਈ ਦੇ ਕਹਿਣ ‘ਤੇ ਕਰਵਾਇਆ ਹੈ। ਅਜੈਬ ਸਿੰਘ ਨੇ ਦੱਸਿਆ ਕਿ ਅੱਜ ਤੋਂ ਅੱਠ ਮਹੀਨੇ ਪਹਿਲਾਂ ਲਖਬੀਰ ਸਿੰਘ ਲੰਡਾ ਨੇ ਉਨਾਂ ਦੇ ਪਰਿਵਾਰ ਕੋਲੋਂ ਫੋਨ ‘ਤੇ 20 ਲੱਖ ਰੁਪਏ ਫਿਰੌਤੀ ਮੰਗੀ ਸੀ ਪਰ ਅਸੀਂ ਉਸ ਵੇਲੇ ਲਖਬੀਰ ਸਿੰਘ ਲੰਡੇ ਨੂੰ ਦੱਸਿਆ ਸੀ ਕਿ ਸਾਡੇ ਸਿਰ ਤਾਂ 40 ਲੱਖ ਰੁਪਏ ਦਾ ਕਰਜ਼ਾ ਹੈ ਤੇ ਅਸੀਂ ਏਨੇ ਪੈਸੇ ਨਹੀਂ ਦੇ ਸਕਦੇ ਤਾਂ ਉਸ ਵੇਲੇ ਲੰਡਾ ਮੰਨ ਗਿਆ ਸੀ। ਉਸ ਨੇ ਬਾਅਦ ‘ਚ ਫਿਰੌਤੀ ਨਹੀਂ ਮੰਗੀ ਪਰ ਬਾਅਦ ‘ਚ ਉਸ ਦੇ ਬੇਟੇ ਗੁਰਜੰਟ ਵੱਲੋਂ ਆਪਣੀ ਮਿਹਨਤ ਨਾਲ ਕੀਤੀ ਤਰੱਕੀ ਉਸ ਦੇ ਭਤੀਜੇ ਅਰਸ਼ਦੀਪ ਸਿੰਘ ਕੋਲੋਂ ਜਰੀ ਨਹੀਂ ਗਈ ਤੇ ਅਰਸ਼ਦੀਪ ਤੇ ਉਸ ਦੀ ਮਾਤਾ ਦੇ ਕਹਿਣ ‘ਤੇ ਲੰਡੇ ਨੇ ਮੇਰੇ ਬੇਟੇ ਦਾ ਕਤਲ ਕਰਵਾ ਦਿੱਤਾ। ਲੰਡੇ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ‘ਚ ਗੁਰਜੰਟ ਨੂੰ ਪੁਲਿਸ ਦਾ ਦਲਾਲ ਦੱਸੇ ਜਾਣ ਬਾਬਤ ਕਿਹਾ ਕਿ ਉਸ ਦੇ ਬੇਟੇ ਦੇ ਨਾ ਤਾਂ ਕੋਈ ਪੁਲਿਸ ਨਾਲ ਸੰਬੰਧ ਸੀ ਤਾਂ ਨਾ ਹੀ ਕਿਸੇ ਗੈਂਗਸਟਰ ਦੇ ਨਾਲ। ਅਜੈਬ ਸਿੰਘ ਨੇ ਕਿਹਾ ਭਗਵੰਤ ਮਾਨ ਦੀ ਸਰਕਾਰ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਦਾਅਵੇ ਵੀ ਠੁੱਸ ਹਨ ਤੇ ਗੈਂਗਸਟਰ ਸ਼ਰੇਆਮ ਫਿਰੋਤੀਆਂ ਮੰਗ ਰਹੇ ਹਨ ਜਦਕਿ ਯੂਪੀ ‘ਚ ਯੋਗੀ ਸਰਕਾਰ ਵਾਂਗ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਹੈ,ਗੋਲੀ ਦਾ ਬਦਲਾ ਗੋਲੀ ਹੋਣਾ ਚਾਹੀਦਾ ਹੈ। ਅਜੈਬ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨ ਦਾ ਵੀ ਜ਼ਿਕਰ ਕੀਤਾ ਕਿ ਉਨਾਂ ਨੇ ਬਿਲਕੁਲ ਸਹੀ ਕਿਹਾ ਸੀ ਕਿ ਇਥੇ ਤਰੱਕੀ ਕਰਨਾ ਹੀ ਸਭ ਤੋਂ ਵੱਡਾ ਗੁਨਾਹ ਹੈ। ਦੱਸ ਦੇਈਏ ਕਿ ਤਰਨਤਾਰਨ ‘ਚ ਕੈਨੇਡਾ ‘ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਗੁੰਡਿਆਂ ਨੇ ਫਿਰੌਤੀ ਨਾ ਦੇਣ ‘ਤੇ ਦਿਨ ਦਿਹਾੜੇ ਇਕ ਦੁਕਾਨਦਾਰ ਦਾ ਕਤਲ ਕਰ ਦਿੱਤਾ ਸੀ। ਦੋਵੇਂ ਗੁੰਡੇ ਗਾਹਕ ਬਣ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ।ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਲੰਡਾ ਨੇ ਫੇਸਬੁੱਕ ਪੋਸਟ ਰਾਹੀਂ ਲਈ ਹੈ। 8 ਤੋਂ 10 ਗੋਲੀਆਂ ਲੱਗਣ ਕਾਰਨ ਦੁਕਾਨਦਾਰ ਗੁਰਜੰਟ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤਰਨਤਾਰਨ ਦੇ ਪਿੰਡ ਰਸੂਲਪੁਰ ਦੀ ਹੈ। ਪੁਲੀਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।