*ਭਗਵੰਤ ਮਾਨ ਸਰਕਾਰ ਦਾ ਯੂ-ਟਰਨ ! ਪੰਜਾਬ ਦੇ 424 ਵੀਆਈਪੀਜ਼ ਦੀ ਸੁਰੱਖਿਆ ਬਹਾਲ*

0
36

ਚੰਡੀਗੜ੍ਹ07 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼):: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਭਗਵੰਤ ਮਾਨ ਸਰਕਾਰ ਨੇ ਯੂ-ਟਰਨ ਲਿਆ ਹੈ। ਪੰਜਾਬ ਪੁਲਿਸ ਨੇ ਉਨ੍ਹਾਂ ਸਾਰੇ 424 ਵੀਆਈਪੀਜ਼ ਦੀ ਸੁਰੱਖਿਆ ਬਹਾਲ ਕਰ ਦਿੱਤੀ ਹੈ, ਜਿਨ੍ਹਾਂ ਦੀ ਸੁਰੱਖਿਆ ਹਾਲ ਹੀ ਦੌਰਾਨ ਵਾਪਸ ਲਈ ਗਈ ਸੀ ਜਾਂ ਉਸ ਵਿੱਚ ਕਟੌਤੀ ਕੀਤੀ ਗਈ ਸੀ। ਇਸ ਨੂੰ ਪੰਜਾਬ ਸਰਕਾਰ ਦਾ ਯੂ-ਟਰਨ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਇਹ ਸੁਰੱਖਿਆ ਵੀਆਈਪੀ ਕਲਚਰ ਖਤਮ ਕਰਨ ਲਈ ਘਟਾਈ ਗਈ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਭਗਵੰਤ ਮਾਨ ਸਰਕਾਰ ਘਿਰੀ ਤਾਂ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਸੁਰੱਖਿਆ ਘੱਲੂਘਾਰਾ ਦਿਵਸ ਕਰਕੇ ਵਾਪਸ ਲਈ ਸੀ। ਹੁਣ ਘੱਲੂਘਾਰਾ ਦਿਵਸ ਮਗਰੋਂ ਸੁਰੱਖਿਆ ਤੋਂ ਹਟਾਏ ਸਾਰੇ ਕਰਮਚਾਰੀ ਅੱਜ ਸ਼ਾਮ ਤੱਕ ਆਪੋ ਆਪਣੀਆਂ ਤਾਇਨਾਤੀਆਂ ’ਤੇ ਚਲੇ ਜਾਣਗੇ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਕਰਮਚਾਰੀਆਂ ਨੂੰ ਪਹਿਲਾਂ 6 ਜੂਨ ਨੂੰ ਘੱਲੂਘਾਰਾ ਹਫ਼ਤੇ ਦੇ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਸੁਰੱਖਿਆ ਡਿਊਟੀ ‘ਤੇ ਵਾਪਸ ਜਾਣ ਦੇ ਆਦੇਸ਼ ਦਿੱਤੇ ਗਏ ਸਨ।

ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਸਾਰਿਆਂ ਦੀ ਸੁਰੱਖਿਆ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਗਾਇਕ ਸਿੱਧੂ ਮੂਸੇਵਾਲਾ ਦੀ ਸਨਸਨੀਖੇਜ਼ ਹੱਤਿਆ ਤੋਂ ਇੱਕ ਦਿਨ ਬਾਅਦ ਸੁਰੱਖਿਆ ਵਾਪਸ ਲੈਣ ਜਾਂ ਇਸ ਵਿੱਚ ਕਟੌਤੀ ਕਰਨਾ ਵੱਡਾ ਮੁੱਦਾ ਬਣ ਗਿਆ ਸੀ। ਇਸ ਨਾਲ ਭਗਵੰਤ ਮਾਨ ਸਰਕਾਰ ਦੀ ਕਾਫੀ ਅਲੋਚਨਾ ਹੋਈ ਸੀ।

NO COMMENTS