*ਭਗਵੰਤ ਮਾਨ ਦੀ ਕੈਬਨਿਟ ‘ਚ ਇਨ੍ਹਾਂ ਚਿਹਰਿਆਂ ਨੂੰ ਮਿਲੇਗੀ ਥਾਂ, ਦਿੱਲੀ ‘ਚ ਬਣ ਰਹੀ ਲਿਸਟ*

0
296

ਚੰਡੀਗੜ੍ਹ 14,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਆਮ ਆਦਮੀ ਪਾਰਟੀ (ਆਪ) ਦੀ ਸਰਕਾਰ 16 ਮਾਰਚ ਨੂੰ ਰਸਮੀ ਤੌਰ ‘ਤੇ ਪੰਜਾਬ ਦੀ ਕਮਾਨ ਸੰਭਾਲ ਲਵੇਗੀ। ਮੁੱਖ ਮੰਤਰੀ ਵਜੋਂ ਭਗਵੰਤ ਮਾਨ ਹਲਫ ਲੈਣਗੇ ਪਰ ਕੈਬਨਿਟ ਮੰਤਰੀਆਂ ਬਾਰੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਕੈਬਨਿਟ ਬਾਰੇ ਚਰਚਾ ਕਰ ਰਹੀ ਹੈ ਤੇ ਜਲਦ ਹੀ ਇਸ ਦੀ ਲਿਸਟ ਤਿਆਰ ਕਰ ਲਈ ਜਾਵੇਗੀ।

ਉਧਰ, ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਦੇ ਪੁਰਾਣੇ ਤੇ ਨਵੇਂ ਵਿਧਾਇਕ ਜੋੜ-ਤੋੜ ਵਿੱਚ ਲੱਗ ਗਏ ਹਨ। ਸੂਤਰਾਂ ਮੁਤਾਬਕ ਪਾਰਟੀ ਦੂਜੀ ਵਾਰ ਜਿੱਤਣ ਵਾਲੇ ਵਿਧਾਇਕਾਂ ਬਾਰੇ ਚਰਚਾ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬੇ ਦੇ ਵੱਡੇ ਸਿਆਸੀ ਥੰਮ੍ਹਾਂ ਨੂੰ ਡੇਗਣ ਵਾਲੇ ਆਗੂਆਂ ਲਈ ਵੀ ਰਣਨੀਤੀ ਤਿਆਰ ਕਰਨ ਲੱਗੀ ਹੋਈ ਹੈ। ਪਾਰਟੀ ਵਿਧਾਇਕਾਂ ਦੀ ਕਾਬਲੀਅਤ ਨੂੰ ਧਿਆਨ ਵਿੱਚ ਰੱਖ ਰਹੀ ਹੈ।

ਸੂਤਰਾਂ ਮੁਤਾਬਕ ਨਵੇਂ ਮੰਤਰੀ ਮੰਡਲ ਵਿੱਚ ਦੂਜੀ ਵਾਰ ਜਿੱਤਣ ਵਾਲੇ 10 ਵਿਧਾਇਕਾਂ ਵਿੱਚੋਂ ਅੱਧਿਆਂ ਨੂੰ ਹੀ ਥਾਂ ਮਿਲ ਸਕਦੀ ਹੈ, ਜਿਨ੍ਹਾਂ ’ਚ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸੰਧਵਾਂ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ ਤੇ ਬਲਜਿੰਦਰ ਕੌਰ ਸ਼ਾਮਲ ਹੋ ਸਕਦੇ ਹਨ।

ਇਸ ਦੇ ਨਾਲ ਹੀ ਇੱਕ ਹੋਰ ਫਾਰਮੂਲੇ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਉਸ ਮੁਤਾਬਕ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ ਤੇ ਰਾਜਿੰਦਰ ਕੌਰ ਭੱਠਲ ਸਣੇ ਹੋਰਨਾਂ ਆਗੂਆਂ ਨੂੰ ਹਰਾਉਣ ਵਾਲਿਆਂ ਨੂੰ ਥਾਂ ਦੇਣ ਬਾਰੇ ਵੀ ਗੱਲਬਾਤ ਹੋ ਰਹੀ ਹੈ।

ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਜਿੱਤਣ ਵਾਲੇ ਨੌਜਵਾਨਾਂ ਨੂੰ ਵੀ ਪਾਰਟੀ ਪੰਜਾਬ ਦੀ ਨਵੀਂ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ। ਸੂਤਰਾਂ ਅਨੁਸਾਰ ਮੰਤਰੀ ਮੰਡਲ ਬਾਰੇ ਫ਼ੈਸਲਾ ਦਿੱਲੀ ’ਚ ਹੋਵੇਗਾ। ਉਂਝ ‘ਆਪ’ ਦੇ 92 ਸੀਟਾਂ ’ਤੇ ਜਿੱਤ ਹਾਸਲ ਕਰਨ ਤੋਂ ਬਾਅਦ ਮੰਤਰੀ ਮੰਡਲ ਲਈ ਸੋਸ਼ਲ ਮੀਡੀਆ ’ਤੇ ਨਿੱਤ ਨਵੀਆਂ-ਨਵੀਆਂ ਸੂਚੀਆਂ ਵਾਇਰਲ ਹੋ ਰਹੀਆਂ ਹਨ। ਇੰਨਾ ਹੀ ਨਹੀਂ ਇੱਕ ਸੂਚੀ ਤਾਂ ‘ਆਪ’ ਦੇ ਲੈਟਰ ਪੈਡ ’ਤੇ ਅਰਵਿਦ ਕੇਜਰੀਵਾਲ ਦੇ ਦਸਤਖ਼ਤ ਹੇਠ ਤੱਕ ਜਾਰੀ ਹੋ ਚੁੱਕੀ ਹੈ ਪਰ ਇਹ ਸਭ ਫਰਜ਼ੀ ਸੂਚੀਆਂ ਹੀ ਹਨ। 

NO COMMENTS