*ਭਗਵੰਤ ਮਾਨ ਦਾ ਚੰਨੀ ‘ਤੇ ਤਨਜ਼, ਬੇਸ਼ੱਕ ਈਡੀ ਜ਼ਮਾਨਤ ਦੇ ਦੇਵੇ, ਪਰ ਭਦੌੜ ਦੀ ਜਨਤਾ ਜ਼ਮਾਨਤ ਜ਼ਬਤ ਕਰਾ ਦੇਵੇਗੀ*

0
11

ਚੰਡੀਗੜ੍ਹ 31,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਲੜਨ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਭਦੌੜ ਹਲਕੇ ਤੋਂ ‘ਭਦੌੜ ਦਾ ਪੁੱਤ’ (ਲਾਭ ਸਿੰਘ ਉਗੋਕੇ) ਹੀ ਜਿੱਤੇਗਾ। 

ਮਾਨ ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੰਦਿਆਂ ਦਿੱਲੀ ‘ਚ ਬੇਮੌਸਮੀ ਬਰਸਾਤ ਕਾਰਨ ਫ਼ਸਲ ਖ਼ਰਾਬ ਹੋਣ ‘ਤੇ ਦਿੱਲੀ ਦੇ ਕਿਸਾਨਾਂ ਨੂੰ ਪ੍ਰਤੀ ਏਕੜ 20, 000 ਰੁਪਏ ਦੇ ਚੈਕ ਸੌਂਪੇ ਹਨ ਅਤੇ ਇਹ ਵਿਵਸਥਾ ਪੰਜਾਬ ਵਿੱਚ ਵੀ ‘ਆਪ’ ਦੀ ਸਰਕਾਰ ਵੱਲੋਂ ਲਾਗੂ ਕੀਤੀ ਜਾਵੇਗੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਨਾਲ- ਨਾਲ ਹਲਕਾ ਭਦੌੜ ਤੋਂ ਚੋਣ ਲੜਨ ਦੇ ਫ਼ੈਸਲੇ ਬਾਰੇ ਭਗਵੰਤ ਮਾਨ ਨੇ ਕਿਹਾ, ”ਹਲਕਾ ਭਦੌੜ ਮੇਰੇ ਲੋਕ ਸਭਾ ਹਲਕਾ ਸੰਗਰੂਰ ਦੇ ਅਧੀਨ ਆਉਂਦਾ ਹੈ, ਜਿਸ ਕਰਕੇ ਮੈਂ (ਮਾਨ) ਕਾਂਗਰਸ ਦੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕਰਦਾ ਹਾਂ। ਪਰ ਕਾਂਗਰਸ ਦੇ ਇਸ ਫ਼ੈਸਲੇ ਤੋਂ ਪਤਾ ਚੱਲਦਾ ਕਿ ਜਾਂ ਤਾਂ ਕਾਂਗਰਸ ਵਿੱਚ ਬੌਖਲਾਹਟ ਹੈ ਜਾਂ ਫਿਰ ਮੁੱਖ ਮੰਤਰੀ ਚੰਨੀ ਸ੍ਰੀ ਚਮਕੌਰ ਸਾਹਿਬ ਸੀਟ ਤੋਂ ਪੱਕੇ ਤੌਰ ‘ਤੇ ਹਾਰ ਰਹੇ ਹਨ।”

ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਭਦੌੜ ਦੀ ਰਾਜਨੀਤਿਕ ਕਾਰਗੁਜ਼ਾਰੀ ਦਾ ਵੇਰਵਾ ਦਿੰਦਿਆਂ ਕਿਹਾ ਕਿ ਹਲਕਾ ਭਦੌੜ ਦੇ ਲੋਕ ਇਨਕਲਾਬੀ ਲੋਕ ਹਨ ਅਤੇ ਉਨ੍ਹਾਂ ਕਦੇ ਵੀ ਮੁੱਖ ਮੰਤਰੀ ਅਤੇ ਅਫ਼ਸਰਸ਼ਾਹੀ ਦੀ ਪ੍ਰਵਾਹ ਨਹੀਂ ਕਰਦੇ, ਸਗੋਂ ਉਨ੍ਹਾਂ 2012 ਦੀਆਂ ਚੋਣਾ ਦੌਰਾਨ ਜੇਬਾਂ ਵਿੱਚ ਹੱਥ ਪਾ ਕੇ ਫ਼ੋਟੋਆਂ ਖਿਚਵਾਉਣ ਵਾਲੇ ਆਈ.ਏ.ਐਸ. ਅਫ਼ਸਰ ਉਮੀਦਵਾਰ ਦੇ ਜੇਬਾਂ ਵਿੱਚੋਂ ਹੱਥ ਬਾਹਰ ਕਢਵਾ ਦਿੱਤਾ ਸਨ। 

NO COMMENTS