(ਸਾਰਾ ਯਹਾਂ/ਮੁੱਖ ਸੰਪਾਦਕ ):
ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ( SFI Punjab) , ਸ.ਸ.ਸ.ਸ. ਬੱਦੋਵਾਲ (ਲੁਧਿਆਣਾ) ਵਿਖੇ ਸਕੂਲ ਦੀ ਛੱਤ ਗਿਰਨ ਨਾਲ ਹੋਈ ਦੁਰਘਟਨਾ ਦੌਰਾਨ ਅਧਿਆਪਕਾ ਸ਼੍ਰੀਮਤੀ ਰਵਿੰਦਰ ਕੌਰ ਦੀ ਮੌਤ ਹੋਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਅਤੇ ਇਸ ਘਟਨਾ ਲਈ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਮਾੜੀਆਂ ਨੀਤੀਆਂ ਨੂੰ ਮੁਢਲੇ ਤੌਰ ‘ਤੇ ਜਿੰਮੇਵਾਰ ਸਮਝਦੀ ਹੈ। ਪੈ੍ਸ ਬਿਆਨ ਜਾਰੀ ਕਰਦਿਆਂ ਐਸ.ਐਫ.ਆਈ ਦੇ ਸੂਬਾਈ ਕਨਵੀਨਰ ਮਾਨਵ ਮਾਨਸਾ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਜਿਥੇ ਇਸ ਸਕੂਲ ਦੀ 60 ਸਾਲ ਤੋਂ ਵੀ ਪੁਰਾਣੀ ਇਮਾਰਤ ਨੂੰ ਰੰਗ ਰੋਗਨ ਕਰਕੇ ਹੀ ਸਮਾਰਟ ਬਣਾ ਦਿੱਤਾ, ਉਥੇ ਹੁਣ ‘ਬਦਲਾਅ’ ਵਾਲੀ ਸਰਕਾਰ ਨੇ ਇਸੇ ਖਸਤਾ ਹਾਲ ਇਮਾਰਤ ‘ਤੇ ਹੀ ਸਕੂਲ ਆਫ ਐਮੀਨੈਸ’ ਦਾ ਫੱਟਾ ਲਾ ਦਿੱਤਾ ਅਤੇ ਅਸਲ ਹਕੀਕਤਾਂ ਸਮਝਕੇ ਜਮੀਨੀ ਸੁਧਾਰ ਕਰਨ ਦੀ ਥਾਂ ਸਕੂਲਾਂ ਦੀ ਇੱਕ ਹੋਰ ਨਵੀਂ ਵੰਨਗੀ ਰਾਹੀਂ ਰਾਜਸੀ ਹਿੱਤਾ ਖਾਤਰ ਸਿਰਫ ਫੋਕਾ ਪ੍ਰਚਾਰ ਕੀਤਾ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਨੂੰ ਦਾਅ ‘ਤੇ ਲਗਾਇਆ ਹੈ।
ਇਸ ਦੁਰਘਟਨਾ ਦੀ ਨਿਰਪੱਖ ਜਾਂਚ ਕਰਕੇ ਸਿੱਖਿਆ ਮੰਤਰੀ, ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ, ਸਬੰਧਿਤ ਠੇਕੇਦਾਰ ਅਤੇ ਸਕੂਲ ਪ੍ਰਿੰਸੀਪਲ ਸਮੇਤ ਹੋਰਨਾਂ ਜਿੰਮੇਵਾਰ ਵਿਅਕਤੀਆਂ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ‘ਤੇ ਸਖਤ ਕਾਰਵਾਈ ਅਤੇ ਬਣਦੀਆਂ ਸਜ਼ਾਵਾਂ ਦੇਣ ਦੀ ਮੰਗ ਕਰਦੇ ਹਾਂ। ਜੱਥੇਬੰਦੀ, ਮ੍ਰਿਤਕ ਅਧਿਆਪਕਾ ਦੇ ਪਰਿਵਾਰ ਲਈ ਨੌਕਰੀ ਤੇ ਯੋਗ ਮੁਆਵਜ਼ੇ ਅਤੇ ਤਿੰਨ ਫੱਟੜ ਅਧਿਆਪਕਾਵਾਂ ਦੇ ਸਰਕਾਰੀ ਖਰਚੇ ‘ਤੇ ਇਲਾਜ ਦੀ ਮੰਗ ਵੀ ਕਰਦੀ ਹੈ।