ਮਾਨਸਾ, 8 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) : ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਵੈਕਸੀਨ ਐਚ.ਪੀ.ਵੀ.(Human Papillimavirus Vaccine) ਦੀ ਦੂਜੀ ਡੋਜ ਦੀ ਸ਼ੁਰੂਆਤ ਕਰਨ ਲਈ ਡਿਸਟਿ੍ਰਕਟ ਟਾਸਕ ਫੋਰਸ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਜੇ ਅਰੋੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੋਕੇ ਬੋਲਦਿਆ ਸ਼੍ਰੀ ਅਜੇ ਅਰੋੜਾ ਨੇ ਦੱਸਿਆ ਕਿ ਐਚ.ਪੀ.ਵੀ. ਦੀਆਂ 2 ਡੋਜ਼ ਲਗਵਾ ਕੇ ਭਵਿੱਖ ਦੌਰਾਨ ਬੱਚੇਦਾਨੀ ਦੇ ਮੂੰਹ (Cervix) ਦੇ ਕੈਂਸਰ ਅਤੇ ਹੋਰ ਬਿਮਾਰੀਆਂ ਜਿਵੇ ਕਿ ਜੈਨੀਟਲ ਵਾਰਟਸ, ਵਿਜ਼ਾਈਨਲ ਕੈਂਸਰ ਆਦਿ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਪਹਿਲਕਦਮੀ ਕਰਦਿਆਂ ਇਨਾਂ ਬੱਚੀਆਂ ਨੂੰ ਮੁਫਤ ਟੀਕੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਪੜ੍ਹਾਅ ਵਿੱਚ ਜ਼ਿਲ੍ਹਾ ਬਠਿੰਡਾ ਅਤੇ ਜ਼ਿਲ੍ਹਾ ਮਾਨਸਾ ਵਿਖੇ ਵਿਸ਼ੇਸ ਮੁਹਿੰਮ ਤਹਿਤ ਸਰਵਿਕਸ ਕੈਂਸਰ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ। ਮੀਟਿੰਗ ਦੌਰਾਨ ਕਾਰਜਕਾਰੀ ਸਿਵਲ ਸਰਜਨ ਡਾ.ਬਲਜੀਤ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ, ਸਿਹਤ ਵਿਭਾਗ, ਪੁਲਿਸ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਕੋਈ ਵੀ ਯੋਗ ਬੱਚੀ ਮੁਫ਼ਤ ਟੀਕਾਕਰਨ ਤੋਂ ਵਾਂਝੀ ਨਾ ਰਹੇ। ਉਨ੍ਹਾਂ ਦੱਸਿਆ ਕਿ ਐਚ.ਪੀ.ਵੀ. ਆਮ ਵਾਇਰਸ ਹੈ ਜੋ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਪੈਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਗ ਦੀਆਂ ਕੋਈ ਖਾਸ ਨਿਸਾਨੀਆਂ ਨਹੀਂ ਹੁੰਦੀਆਂ, ਜਿਆਦਾਤਰ ਐਚ.ਪੀ.ਵੀ. ਇਨਫੈਕਸ਼ਨ ਨੂੰ ਸਾਡਾ ਸਰੀਰ ਪਹਿਲੇ ਕੁਝ ਸਾਲਾਂ ਵਿੱਚ ਹੀ ਖ਼ਤਮ ਕਰ ਦਿੰਦਾ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਹਰ ਸਾਲ ਭਾਰਤ ਵਿੱਚ 66000 ਦੇ ਕਰੀਬ ਸਰਵਾਈਕਲ ਕੈਂਸਰ ਨਾਲ ਔਰਤਾਂ ਦੀ ਮੌਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਚਿੱਤ ਸਮੇਂ ’ਤੇ ਵੈਕਸੀਨ ਲਗਵਾ ਕੇ ਇਸ ਬਿਮਾਰੀ ਤੋਂ ਭਵਿੱਖ ਵਿੱਚ ਬਚਿਆ ਜਾ ਸਕਦਾ ਹੈ। ਇਸ ਮੌਕੇ ਐਸ.ਡੀ.ਐਮ ਮਾਨਸਾ ਸ੍ਰੀ ਹਰਜਿੰਦਰ ਸਿੰਘ ਜੱਸਲ, ਐਸ.ਪੀ. ਸ਼੍ਰੀ ਸਤਨਾਮ ਸਿੰਘ, ਸਰਵੇਲੈਂਸ ਮੈਡੀਕਲ ਅਫਸਰ ਡਬਲਯੂ.ਐਚ.ਓ. ਡਾ. ਨਵਦਿੱਤਾ, ਸ਼੍ਰੀ ਨਰਿੰਦਰ ਸਿੰਘ ਮੋਹਲ ਤੋਂ ਇਲਾਵਾ ਸਿਹਤ ਵਿਭਾਗ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ, ਬੀ.ਈ.ਈ., ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਜੈ ਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ।