*ਬੱਚਿਆਂ ਅਤੇ ਗਰਭਵਤੀ ਔਰਤਾਂ ਦਾ 100 ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾਵੇ-ਸਿਵਲ ਸਰਜਨ*

0
92

 ਮਾਨਸਾ, 22 ਅਕਤੂਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮੰਤਵ ਨਾਲ ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਠੂਠਿਆਵਾਲੀ ਰੋਡ ਮਾਨਸਾ ਵਿਖੇ ਰੂਟੀਨ ਟੀਕਾਕਰਨ ਅਤੇ ਏ.ਈ.ਐਫ.ਆਈ. ਦੀ ਰੀਵਿਊ ਮੀਟਿੰਗ ਕੀਤੀ ਗਈ।  
ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੋ ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਰੂਟੀਨ ਟੀਕਾਕਰਨ ਕੀਤਾ ਜਾਂਦਾ ਹੈ ਉਸ ਸਬੰਧੀ ਜ਼ਿਲ੍ਹੇ ਦੇ ਸਮੂਹ ਬਲਾਕ ਐਜੂਕੇਟਰ ਅਤੇ ਐਲ.ਐਚ.ਵੀ.ਅਤੇ ਕੋਲਡ ਚੇਨਹੈਂਡਲਰ ਅਧਿਕਾਰੀਆਂ ਕਰਮਚਾਰੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ, ਤਾਂ ਜੋ ਟੀਕਾਕਰਨ ਕੈਂਪਾਂ ਸਮੇਂ ਅਤੇ ਟੀਕਾਕਰਨ ਤੋਂ ਬਾਅਦ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਡਬਲਿਊ.ਐਚ.ਓ. ਦੇ ਨੁਮਾਇੰਦੇ ਡਾ. ਨਵਦਿੱਤਾ ਨੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਡਬਲਿਓ.ਐਚ.ਓ. ਦੀਆਂ ਹਦਾਇਤਾਂ ਅਨੁਸਾਰ ਇਹ ਮੀਟਿੰਗਾਂ ਸਮੇਂ-ਸਮੇਂ ’ਤੇ ਕੀਤੀਆਂ ਜਾਂਦੀਆਂ ਹਨ, ਤਾਂ ਜੋ ਟੀਕਾਕਰਨ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ।
  ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਰੂਟੀਨ ਟੀਕਾਕਰਨ ਦੌਰਾਨ ਕਈ ਵਾਰ ਕੁਝ ਬੱਚੇ ਕਿਸੇ ਕਾਰਨ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ। ਰਿਵਿਊ ਮੀਟਿੰਗ ਕਰਨ ਦਾ ਮੁੱਖ ਮਕਸਦ ਬੱਚਿਆਂ ਤੇ ਗਰਭਵਤੀ ਮਾਵਾਂ ਦਾ 100 ਫੀਸਦੀ ਟੀਕਾਕਰਨ ਕਰਨਾ ਹੈ। ਇਸ ਦੇ ਨਾਲ ਹੀ ਕਈ ਵਾਰ ਟੀਕਾਕਰਨ ਉਪਰੰਤ ਬੱਚੇ ਨੂੰ ਟੀਕਾਕਰਨ ਦੇ ਪ੍ਰਤੀਕੂਲ ਪ੍ਰਭਾਵ ਸਾਹਮਣੇ ਆਉਂਦੇ ਹਨ, ਜੋ ਕਿ ਹਲਕੇ ਪ੍ਰਭਾਵ ਹੀ ਹੁੰਦੇ ਹਨ। ਇੰਨ੍ਹਾ ਪ੍ਰਭਾਵਾਂ ਨਾਲ ਨਜਿੱਠਣ ਲਈ  ਸਟਾਫ ਨੂੰ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਟੀਕਾਕਰਨ ਤੋਂ ਬਾਅਦ ਹਲਕਾ ਬੁਖਾਰ, ਟੀਕਾਕਰਨ ਵਾਲੀ ਥਾਂ ’ਤੇ ਲਾਲੀ ਜਾਂ ਸੋਜਿਸ਼ ਆ ਜਾਣਾ ਜਾਂ ਕਿਸੇ ਤਰ੍ਹਾਂ ਦਾ ਹੋਰ ਪ੍ਰਭਾਵ ਹੋਣ ਸਬੰਧੀ ਲੋੜ ਅਨੁਸਾਰ ਮੁੱਢਲੀ ਸਹਾਇਤਾ ਦੇਣਾ ਅਤੇ ਨੇੜੇ ਦੇ ਸਿਹਤ ਕੇਂਦਰ ਵਿਖੇ ਰੈਫਰ ਕਰਨ ਲਈ ਹਦਾਇਤ ਕੀਤੀ ਗਈ।
ਇਸ ਮੌਕੇ ਡਾ. ਪਰਵਿਸ਼ ਬੱਚਿਆਂ ਦੇ ਮਾਹਰ, ਡਾ. ਗੁਰਜੀਵਨ ਸਿੰਘ ਮੈਡੀਕਲ ਅਫ਼ਸਰ, ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ, ਮੀਨਾਕਸ਼ੀ ਰਾਣੀ ਕੰਪਿਊਟਰ ਅਪਰੇਟਰ ਜ਼ਿਲ੍ਹੇ ਦੇ ਸਮੂਹ ਬਲਾਕ ਐਜੂਕੇਟਰ, ਐੱਲ.ਐਚ.ਵੀ. ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

NO COMMENTS